World

ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ’ਤੇ ਸ਼ਿਕੰਜਾ, ਅੱਧੀ ਦਰਜਨ ਤੋਂ ਵੱਧ ਗ੍ਰਿਫ਼ਤਾਰ

ਵਾਸ਼ਿੰਗਟਨ: ਅਮਰੀਕਾ ਵਿੱਚ ਸੰਘੀ ਅਧਿਕਾਰੀਆਂ ਨੇ ਪਿਛਲੇ ਦੋ ਦਿਨਾਂ ਅੰਦਰ ਕਈ ਛਾਪੇ ਮਾਰ ਕੇ ਭਾਰਤੀ ਮੂਲ ਦੇ 8 ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਮੈਟਰੋ ਡੈਟ੍ਰੌਇਟ ਇਲਾਕੇ ਦੀ ਕਥਿਤ ਫਰਜ਼ੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਵਜੋਂ ਰਜਿਸਟਰਡ ਸਨ ਤੇ ਦੇਸ਼ ਭਰ ਵਿੱਚ ਕੰਮ ਕਰ ਰਹੇ ਸਨ। ਜਲਦੀ ਹੀ ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਹਵਾਲਗੀ ਕੀਤੀ ਜਾ ਸਕਦੀ ਹੈ।

ਅਮਰੀਕਨ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈਸੀਈ) ਨੇ ਗ੍ਰਿਫ਼ਤਾਰੀ ਨਾਲ ਸਬੰਧਿਤ ਸਵਾਲਾਂ ਤੇ ਇਸ ਦੇ ਕਾਰਨਾਂ ਬਾਰੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ। ਰੈਡੀ ਅਤੇ ਨਿਊਮੈਨ ਗਰੁੱਪ ਦੇ ਇਮੀਗ੍ਰੇਸ਼ਨ ਵਕੀਲ ਨੇ ਆਪਣੀ ਵੈੱਬਸਾਈਟ ‘ਤੇ ਪੋਸਟ ‘ਚ ਦਿੱਤੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਰਿਪੋਰਟ ਮਿਲੀ ਹੈ। ਜਿਸ ਦੇ ਮੁਤਾਬਕ ਆਈਈਸੀ ਨੇ ਬੁੱਧਵਾਰ ਸਵੇਰੇ ਮਿਸ਼ੀਗਨ ਸਥਿਤ ਫਾਰਮਿੰਗਟਨ ਯੂਨੀਵਰਸਿਟੀ ਵੱਲੋਂ ਸਰਕਾਰੀ ਕੋਰਸ ਪ੍ਰੈਕਟੀਕਲ ਟ੍ਰੇਨਿੰਗ (CPT) ਡੇ -1 ਦੇ ਵਿਦਿਆਰਥੀਆਂ ਦੇ ਕੰਮ ਕਰਨ ਵਾਲੀ ਥਾਂ ’ਤੇ ਛਾਪੇ ਮਾਰੇ ਹਨ। ਸੀਪੀਟੀ ਅਮਰੀਕਾ ਵਿਚਲੇ ਵਿਦੇਸ਼ੀ (ਐਫ -1) ਵਿਦਿਆਰਥੀਆਂ ਨੂੰ ਰੋਜ਼ਗਾਰ ਲਈ ਦਿੱਤਾ ਜਾਣ ਵਾਲਾ ਬਦਲ ਹੈ। ਕੁਝ ਯੂਨੀਵਰਸਿਟੀਆਂ ਵਿਦੇਸ਼ੀ ਵਿਦਿਆਰਥੀਆਂ ਨੂੰ ਇਹ ਵਿਕਲਪ ਮੁਹੱਈਆ ਕਰਦੀਆਂ ਹਨ।

ਹਿਰਾਸਤ ਵਿੱਚ ਲਏ ਗਏ ਲੋਕ ਜਾਂ ਤਾਂ ਭਾਰਤੀ ਨਾਗਰਿਕ ਹਨ ਤੇ ਜਾਂ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਹਨ। ਗ੍ਰਿਫ਼ਤਾਰ ਕੀਤੇ ਲੋਕਾਂ ਦੀ ਪਛਾਣ ਕਾਕੀ ਰੈਡੀ, ਸੁਰੇਸ਼ ਕੰਡਾਲਾ, ਪਾਣੀਦੀਪ ਕਰਨਾਟੀ, ਪ੍ਰੇਮ ਰਾਮਪੀਸਾ, ਸੰਤੋਸ਼ ਸਾਮਾ, ਅਵਿਨਾਸ਼ ਥੱਕਲਾਪੱਲੀ, ਅਸ਼ਵੰਤ ਨੁਣੇ ਅਤੇ ਨਵੀਨ ਪ੍ਰਤੀਪਤੀ ਵਜੋਂ ਹੋਈ ਹੈ। ਹਾਲਾਂਕਿ ਆਈਸੀਈ ਨੇ ਫੜੇ ਗਏ ਵਿਦਿਆਰਥੀਆਂ ਦੀ ਨਾਗਰਿਕਤਾ ਬਾਰੇ ਖ਼ੁਲਾਸਾ ਨਹੀਂ ਕੀਤਾ। ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਛੇ ਨੂੰ ਡੈਟ੍ਰੌਇਟ ਇਲਾਕੇ ਵਿੱਚੋਂ ਜਦਕਿ ਹੋਰ ਦੋ ਨੂੰ ਵਰਜੀਨੀਆ ਤੇ ਫਲੋਰੀਡਾ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।