World

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਉਡਾਇਆ ਗਿਆ ਮਜ਼ਾਕ

ਵਾਸ਼ਿੰਗਟਨ — ਅਮਰੀਕਾ ਵਿਚ ਹਿਜਾਬ ਪਾਈ ਇਕ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਮਜ਼ਾਕ ਉਡਾਇਆ। ਇਸ ਦੇ ਨਾਲ ਹੀ ਗੋਰੀ ਮਹਿਲਾ ਨੇ ਧਮਕੀ ਦਿੱਤੀ ਕਿ ਅਮਰੀਕੀ ਪ੍ਰਵਾਸੀ ਅਤੇ ਕਸਟਮ ਅਧਿਕਾਰੀ ਮੁਸਲਿਮ ਮਹਿਲਾ ਦੇ ਬੱਚਿਆਂ ਨੂੰ ਉਸ ਤੋਂ ਵੱਖ ਕਰ ਦੇਣਗੇ। ਇਕ ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਮੈਨਹੱਟਨ ਤੋਂ ਸਟੇਟੇਨ ਟਾਪੂ ਜਾ ਰਹੀ ਨਿਊਯਾਰਕ ਟ੍ਰਾਂਜ਼ਿਟ ਬੱਸ ਵਿਚ ਹੋਈ ਬਹਿਸ ਦੌਰਾਨ ਗੋਰੀ ਮਹਿਲਾ ਐਸ਼ਲੇ ਨੇ ਮੁਸਲਿਮ ਮਹਿਲਾ ਦੇ ਲਹਿਜੇ ਅਤੇ ਉਸ ਦੇ ਅੰਗਰੇਜ਼ੀ ਬੋਲਣ ਦੀ ਸਮਰੱਥਾ ਦਾ ਮਜ਼ਾਕ ਉਡਾਇਆ। ਗੋਰੀ ਮਹਿਲਾ ਨੇ ਉਸ ਨੂੰ ਦੇਸ਼ ਵਾਪਸ ਭੇਜੇ ਜਾਣ ਦੀ ਧਮਕੀ ਦੇਣ ਦੇ ਨਾਲ-ਨਾਲ ਉਸ ਨੂੰ ਡਰਾਉਣਾ ਜਾਰੀ ਰੱਖਿਆ ਅਤੇ ਚਿਤਾਵਨੀ ਦਿੱਤੀ ਕਿ ਪ੍ਰਵਾਸੀ ਅਤੇ ਕਮਟਮ ਅਧਿਕਾਰੀ ਉਸ ਕੋਲ ਆ ਰਹੇ ਹਨ।
ਨਿਊਜ਼ ਏਜੰਸੀ ਨੇ ਗੋਰੀ ਮਹਿਲਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ਮੁਸਲਿਮ ਮਹਿਲਾ ਅਤੇ ਗੋਰੀ ਮਹਿਲਾ ਵਿਚਕਾਰ ਬੱਸ ਵਿਚ ਤਿੱਖੀ ਬਹਿਸ ਹੋਈ। ਇਸ ਵਿਚ ਕਿਹਾ ਗਿਆ ਕਿ ਗੋਰੀ ਮਹਿਲਾ ਨੇ ਮੁਸਲਿਮ ਮਹਿਲਾ ਨੂੰ ਕਿਹਾ ਕਿ ਪ੍ਰਵਾਸੀ ਅਤੇ ਕਸਟਮ ਅਧਿਕਾਰੀਆਂ ਨੂੰ ਉਸ ਨੂੰ ਉਸ ਦੇ ਬੱਚਿਆਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਇਸ ਘਟਨਾ ਦੀ ਇਕ ਸ਼ਖਸ ਨੇ ਆਪਣੇ ਫੋਨ ‘ਤੇ ਜਦੋਂ ਰਿਕਾਡਿੰਗ ਸ਼ੁਰੂ ਕੀਤੀ ਤਾਂ ਐਸ਼ਲੇ ਮੁਸਲਿਮ ਮਹਿਲਾ ‘ਤੇ ਚੀਕਦੇ ਹੋਏ ਕਹਿ ਰਹੀ ਸੀ ਕਿ ਉਹ ਇੱਥੋਂ ਦੀ ਨਾਗਰਿਕ ਨਹੀਂ ਹੈ ਅਤੇ ਅੰਗਰੇਜ਼ੀ ਨਹੀਂ ਬੋਲ ਸਕਦੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਇਸ ਘਟਨਾ ਤੋਂ ਜਾਣੂ ਹਨ ਅਤੇ ਇਸ ਦੀ ਜਾਂਚ ਕਰ ਰਹੇ ਹਨ।