World

ਅਮਰੀਕਾ ਦੀ ਪਹਿਲੀ ਹਿੰਦੂ MP ਤੁਲਸੀ ਨੇ ਗੂਗਲ ਨੂੰ ਅਦਾਲਤ ’ਚ ਘਸੀਟਿਆ

ਲਾਸ ਏਂਜਲਸ (ਕੈਲੀਫ਼ੋਰਨੀਆ, ਅਮਰੀਕਾ)
ਅਮਰੀਕਾ ਦੇ ਪਹਿਲੇ ਹਿੰਦੂ ਸੰਸਦ ਮੈਂਬਰ (MP) ਤੁਲਸੀ ਗੈਬਰਡ ਨੇ ਇੰਟਰਨੈੱਟ ਦੇ ਵਿਸ਼ਵ–ਪ੍ਰਸਿੱਧ ਸਰਚ–ਇੰਜਣ ‘ਗੂਗਲ’ ਨੂੰ ਅਦਾਲਤ ’ਚ ਘਸੀਟ ਲਿਆ ਹੈ। ਤੁਲਸੀ ਗੈਬਰਡ ਨੇ ਗੂਗਲ ਦੀਆਂ ਕਥਿਤ ਵਿਤਕਰਾਪੂਰਨ ਕਾਰਵਾਈਆਂ ਕਾਰਨ 5 ਕਰੋੜ ਡਾਲਰ ਦੇ ਹਰਜਾਨੇ ਦਾ ਦਾਅਵਾ ਵੀ ਕੀਤਾ ਹੈ।
38 ਸਾਲਾ ਤੁਲਸੀ ਗੈਬਾਰਡ ਦਾ ਦੋਸ਼ ਹੈ ਕਿ ਗੂਗਲ ਨੇ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਕਥਿਤ ਵਿਘਨ ਪਾਇਆ ਤੇ ਉਨ੍ਹਾਂ ਦੀ ਬੋਲਣ ਦੀ ਆਜ਼ਾਦੀ ਦਾ ਮੁਢਲਾ ਅਧਿਕਾਰ ਖੋਹਿਆ।
ਅਮਰੀਕਾ ਦੇ ਹਵਾਈ ਹਲਕੇ ਤੋਂ ਐੱਮਪੀ ਤੁਲਸੀ ਗੈਬਰਡ ਨੇ ਲਾਸ ਏਂਜਲਸ ਦੀ ਅਦਾਲਤ ਨੂੰ ਦੱਸਿਆ ਕਿ ਗੂਗਲ ਨੇ ਬੀਤੇ ਜੂਨ ਮਹੀਨੇ ਦੌਰਾਨ ਪਹਿਲੀ ਡੈਮੋਕ੍ਰੈਟਿਕ ਬਹਿਸ ਤੋਂ ਬਾਅਦ ਕੁਝ ਚਿਰ ਲਈ ਉਨ੍ਹਾਂ ਦੇ ਇਸ਼ਤਿਹਾਰ ਖਾਤੇ ਦੀ ਮੁਹਿੰਮ ਨੂੰ ਕੁਝ ਚਿਰ ਲਈ ਮੁਲਤਵੀ ਕਰ ਦਿੱਤਾ ਸੀ।
ਇੱਥੇ ਵਰਨਣਯੋਗ ਹੈ ਕਿ ਤੁਲਸੀ ਗੈਬਰਡ ਅਗਲੇ ਸਾਲ 2020 ਦੌਰਾਨ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਡੈਮੋਕ੍ਰੈਟਿਕ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਵਿੱਚ ਸ਼ਾਮਲ ਹਨ।
ਤੁਲਸੀ ਗੈਬਾਰਡ ਲਈ ਚੋਣ–ਪ੍ਰਚਾਰ ਕਮੇਟੀ ‘ਤੁਲਸੀ ਨਾਓ ਇਨਕ.’ ਨੇ ਦੱਸਿਆ ਕਿ ਗੂਗਲ ਨੇ 27–28 ਜੂਨ ਨੂੰ ਛੇ ਘੰਟਿਆਂ ਲਈ ਉਨ੍ਹਾਂ ਦਾ ਖਾਤਾ ਮੁਲਤਵੀ/ਬੰਦ ਕਰ ਦਿੱਤਾ ਸੀ; ਜਿਸ ਕਾਰਨ ਉਹ ਧਨ ਇਕੱਠਾ ਕਰਨ ਦੀ ਆਪਣੀ ਮੁਹਿੰਮ ਤੋਂ ਵਾਂਝੇ ਰਹਿ ਗਏ ਸਨ।
ਅਦਾਲਤ ਵਿੱਚ ਪੇਸ਼ ਕੀਤੀ ਦਲੀਲ ਵਿੱਚ ਕਿਹਾ ਗਿਆ ਹੈ ਕਿ ਗੂਗਲ ਦੇ ਤਾਨਾਸ਼ਾਹੀ ਵਿਵਹਾਰ ਤੋਂ ਸਾਰੇ ਸੰਸਦ ਮੈਂਬਰਾਂ ਨੂੰ ਚਿੰਤਾ ਹੋਣੀ ਚਾਹੀਦੀ ਹੈ।