World

ਅਮਰੀਕਾ ਨੇ ਲਾਦੇਨ ਦੇ ਬੇਟੇ ਹਮਜ਼ਾ ਦੇ ਸਿਰ ਰੱਖਿਆ 7.1 ਕੋਰੜ ਦਾ ਇਨਾਮ

ਵਾਸਿੰਗਟਨ: ਅਮਰੀਕਾ ਨੇ ਅਲ-ਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਦੇ ਪੁੱਤਰ ਬਾਰੇ ਪੁਖਤਾ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਡਾਲਰ (7.1 ਕਰੋੜ ਰੁਪਏ) ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਓਸਾਮਾ ਦੇ ਬੇਟੇ ਹਮਜ਼ਾ ਬਿਨ ਲਾਦੇਨ ਨੂੰ ਅੱਤਵਾਦ ਦੇ ਉਭਰਦੇ ਚਿਹਰੇ ਵਜੋਂ ਦੇਖ ਰਿਹਾ ਹੈ। ‘ਜਿਹਾਦ ਦੇ ਯੁਵਰਾਜ’ ਦੇ ਨਾਂ ਨਾਲ ਜਾਣੇ ਜਾਣ ਵਾਲੇ ਹਮਜ਼ਾ ਦੇ ਟਿਕਾਣੇ ਦਾ ਕੁਝ ਪਤਾ ਨਹੀਂ।

ਸਾਲਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ ‘ਚ ਰਹਿ ਰਿਹਾ ਹੈ ਜਾਂ ਫੇਰ ਹੋ ਸਕਦਾ ਹੈ ਕਿ ਉਹ ਇਰਾਨ ‘ਚ ਨਜ਼ਰਬੰਦ ਹੈ। ਅਲ-ਕਾਇਦਾ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ, “ਹਮਜ਼ਾ ਬਿਨ ਲਾਦੇਨ ਅਲ ਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਦਾ ਬੇਟਾ ਹੈ। ਉਹ ਅਲ-ਕਾਇਦਾ ਨਾਲ ਜੁੜੇ ਸੰਗਠਨਾਂ ਦੇ ਨੇਤਾਵਾਂ ਦੇ ਤੌਰ ‘ਤੇ ਉੱਭਰ ਰਿਹਾ ਹੈ।
ਵਿਦੇਸ਼ ਮੰਤਰਾਲੇ ਨੇ ਕਿਸੇ ਵੀ ਦੇਸ਼ ‘ਚ ਹਮਜ਼ਾ ਦੀ ਮੌਜੂਦਗੀ ਹੋਣ ਦੀ ਖ਼ਬਰ ਦੇਣ ਵਾਲੇ ਨੂੰ 10 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਮੁਤਾਬਕ ਹਮਜ਼ਾ ਦੀ ਉਮਰ ਕਰੀਬ 30 ਸਾਲ ਹੈ। ਉਸ ਦੇ ਪਿਓ ਓਸਾਮਾ ਬਿਨ ਲਾਦੇਨ ਦੀ 2011 ‘ਚ ਅਮਰੀਕਾ ਨੇ ਹੱਤਿਆ ਕੀਤੀ ਸੀ।
ਇਸ ਦੇ ਨਾਲ ਹੀ ਪਿਛਲੇ ਸਾਲ ਅਗਸਤ ‘ਚ ਖ਼ਬਰ ਆਈ ਸੀ ਕਿ ਅਲਕਾਇਦਾ ਦੀ ਇੱਕ ਇਕਾਈ ਭਾਰਤ ‘ਤੇ ਹਮਲੇ ਦੀ ਤਿਆਰੀ ਕਰ ਰਹੀ ਹੈ, ਪਰ ਦੇਸ਼ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਕਾਰਨ ਉਹ ਅਜਿਹਾ ਕੁਝ ਕਰ ਨਹੀਂ ਪਾ ਰਹੇ।