World

ਅਮਰੀਕੀ ਸਿੱਖਾਂ ਦੀ ਇਕ ਜਥੇਬੰਦੀ ਮੋਹਨ ਭਾਗਵਤ ਤੇ ਯੋਗੀ ਦਾ ਸ਼ਿਕਾਗੋ ਵਿਖੇ ਕਰੇਗੀ ਵਿਰੋਧ

ਨਿਊਯਾਰਕ — ਪਿਛਲੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਆਪਣੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਅਤੇ ਕੈਲੀਫੋਰਨੀਆ ‘ਚ ਦੋ ਵਾਰ ਹਮਲੇ ਤੋਂ ਬਾਅਦ ਹੁਣ ਇਥੋਂ ਦੀ ਸਿੱਖ ਕੋਆਰਡੀਨੇਸ਼ਨ ਨਾਂ ਦੀ ਇਕ ਸਿੱਖ ਜੱਥੇਬੰਦੀ ਨੇ ਹੁਣ ਹੋਰ ਭਿਆਨਕ ਰੂਪ ਧਾਰਦਿਆਂ ਆਰ.ਐੱਸ.ਐੱਸ. ਦੇ ਮੁੱਖੀ ਮੋਹਨ ਭਾਗਵਤ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਚਿਤਾਵਨੀ ਦਿੱਤੀ ਹੈ ਕਿ ਇਹ ਲੋਕ ਅਮਰੀਕਾ ਦੀ ਧਰਤੀ ਤੇ ਸੋਚ ਸਮਝ ਕੇ ਪੈਰ ਧਰਨ ਕਿਉਂਕਿ ਇੰਨ੍ਹਾਂ ਦੀਆਂ ਸਿੱਖਾਂ ਪ੍ਰਤੀ ਵਿਰੋਧੀ ਗਤੀਵਿਧੀਆਂ ਕਾਰਨ ਇੱਥੋਂ ਦੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ।ਇਸ ਸਬੰਧ ਵਿਚ ਇੱਥੋਂ ਦੀ ਈਸਟ ਕੋਸਟ ਅਮਰੀਕਾ ਦੀ ਸਿੱਖ ਕੁਆਰਡੀਨੇਸ਼ਨ ਕਮੇਟੀ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ।

ਨਿਊਯਾਰਕ ਆਧਾਰਿਤ ਇਸ ਸਿੱਖ ਸੰਸਥਾ ਨੇ ਉਥੋਂ ਦੀਆਂ ਹੋਰ ਸਿੱਖ ਜੱਥੇਬੰਦੀਆਂ ਨਾਲ ਬੀਤੇ ਦਿਨ ਇਕ ਮੀਟਿੰਗ ਕਰਕੇ ਇਸ ਮਾਮਲੇ ਵਿਚ ਲਾਮਬੰਦ ਹੋਣ ਦੀ ਅਪੀਲ ਕਰਦਿਆਂ ਸਿੱਖ ਵਿਰੋਧੀ ਲੋਕਾਂ ਦੇ ਖਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਇਸ ਸਿੱਖ ਜੱਥੇਬੰਦੀ ਨੇ ਉਕਤ ਹਿੰਦੂ ਆਗੂਆਂ ਦੇ ਘਿਰਾਉ ਦੇ ਸੱਦੇ ਸਬੰਧੀ ਮਖੌਲੀਆ ਚਿੱਤਰ ਬਣਾ ਕੇ ਕੁਝ ਪੋਸਟਰ ਵੀ ਛਪਵਾ ਲਏ ਹਨ ਜਿਸ ਵਿਚ ਲਿਖਿਆ ਹੈ ਕਿ ਅਸੀਂ ਫਿਰ ਨਹੀਂ ਆਵਾਂਗੇ। ਇਨ੍ਹਾਂ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਆਗੂ ਸਿੱਖ ਵਿਰੋਧੀ ਸੋਚ ਵਾਲੇ ਹਨ ਤੇ ਇਹੋ ਜਿਹੀ ਸੋਚ ਵਾਲੇ ਵਿਅਕਤੀਆਂ ਨੂੰ ਉਹ ਇੱਥੇ ਬਰਦਾਸ਼ਤ ਨਹੀਂ ਕਰਨਗੇ।ਇੱਥੇ ਇਹ ਦੱਸਣਯੋਗ ਹੈ ਕਿ ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ 7 ਤੋਂ 9 ਸਤੰਬਰ ਤੱਕ ਸ਼ਿਕਾਗੋ ਯੂ.ਐੱਸ.ਏ. ਵਿਖੇ ਭਾਰਤੀ ਮੂਲ ਦੇ ਲੋਕਾਂ ਨਾਲ ਇਕ ਵਿਸ਼ੇਸ਼ ਮਿਲਣੀ ਕਰਨ ਆ ਰਹੇ ਹਨ ਜੋ ਜਿਸ ਦਾ ਪ੍ਰਬੰਧ ਹੋਟਲ ਲੋਮਬਾਰਡ ਸ਼ਿਕਾਗੋ ਵਿਖੇ ਕੀਤਾ ਗਿਆ ਹੈ।ਜਿੱਥੇ ਇਹ ਸੰਸਥਾ ਉਹਨਾਂ ਦਾ ਵਿਰੋਧ ਕਰਨ ਸ਼ਿਕਾਗੋ ਵਿਖੇ ਪੁੱਜੇਗੀ.