Menu

ਅੱਜ ਹੀ ਰਿਲੀਜ਼ ਹੋਵੇਗੀ ”ਉੜਤਾ ਪੰਜਾਬ”

ਚੰਡੀਗੜ੍ਹ/ਨਵੀਂ ਦਿੱਲੀ – ਸੈਂਸਰਸ਼ਿਪ ਦੇ ਵਿਵਾਦ ਵਿਚ ਉਲਝੇ ਰਹਿਣ ਮਗਰੋਂ ਸਾਰੇ ਅੜਿੱਕੇ ਖਤਮ ਹੋ ਜਾਣ ਕਰ ਕੇ ਫਿਲਮ ‘ਉੜਤਾ ਪੰਜਾਬ’ ਕਲ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਫਿਲਮ ਦੇ ਪ੍ਰਦਰਸ਼ਨ ਦਾ ਰਾਹ ਸਾਫ ਕਰ ਦਿੱਤਾ ਪਰ ਇਸ ਦੇ ਆਨ ਲਾਈਨ ਲੀਕ ਹੋਣ ਨਾਲ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਸੈਂਸਰ ਬੋਰਡ ਦੇ ਨਾਲ ਫਿਲਮ ਨੂੰ ਲੈ ਕੇ ਚੱਲੀ ਲੜਾਈ ਵਿਚ ਮੋਰਚਾ ਸੰਭਾਲਣ ਵਾਲੇ ਫਿਲਮ ਦੇ ਸਹਿ-ਨਿਰਮਾਤਾ ਅਨੁਰਾਗ ਕਸ਼ਯਪ ਅਤੇ ਕਈ ਫਿਲਮਕਾਰਾਂ ਨੇ ਲੋਕਾਂ ਨੂੰ ਵੀ ਇਸ ਨੂੰ ਆਨ ਲਾਈਨ ਨਾ ਦੇਖਣ ਦੀ ਅਪੀਲ ਕੀਤੀ। ਸੁਪਰੀਮ ਕੋਰਟ ਨੇ ਅੱਜ ਇਕ ਐੱਨ. ਜੀ. ਓ. ਦੀ ਉਸ ਬੇਨਤੀ ‘ਤੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਵਿਚ ਫਿਲਮ ‘ਉੜਤਾ ਪੰਜਾਬ’ ਨੂੰ ਰਿਲੀਜ਼ ਕੀਤੇ ਜਾਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ।
ਅਦਾਲਤ ਨੇ ਕਿਹਾ ਕਿ ਰਿਟਕਰਤਾ ਇਸ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨਾਲ ਸੰਪਰਕ ਕਰ ਸਕਦਾ ਹੈ ਜਿਸ ਨੇ ਇਸ ਮਾਮਲੇ ‘ਤੇ ਗੌਰ ਕੀਤਾ ਹੈ। ਸ਼ਾਹਿਦ ਕਪੂਰ, ਆਲੀਆ ਭੱਟ, ਕਰੀਨਾ ਕਪੂਰ ਅਤੇ ਦਿਲਜੀਤ ਦੁਸਾਂਝ ਦੇ ਅਭਿਨੈ ਵਾਲੀ ਇਹ ਫਿਲਮ ਪੰਜਾਬ ਵਿਚ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਨਸ਼ੇ ਕਰਨ ਦੀ ਆਦਤ ਪੈ ਜਾਣ ਦੇ ਮਾਮਲੇ ‘ਤੇ ਆਧਾਰਤ ਹੈ।
ਸੁਪਰੀਮ ਕੋਰਟ ਦੇ ਜਸਟਿਸ ਆਦਰਸ਼ ਕੁਮਾਰ ਗੋਇਲ ਅਤੇ ਜਸਟਿਸ ਐੱਲ. ਨਾਗੇਸ਼ਵਰ ਰਾਓ ਦੀ ਛੁੱਟੀਆਂ ਵਾਲੀ ਬੈਂਚ ਨੇ ਗੈਰ ਸਰਕਾਰੀ ਸੰਗਠਨ ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਨੂੰ ਆਪਣੀ ਬੇਨਤੀ ਲੈ ਕੇ ਹਾਈਕੋਰਟ ਨਾਲ ਸੰਪਰਕ ਕਰਨ ਦੀ ਖੁਲ੍ਹ ਦੇ ਦਿੱਤੀ ਸੀ। ਬੈਂਚ ਨੇ ਕਿਹਾ, ”ਅਸੀਂ ਮਾਮਲੇ ਵਿਚ ਦਖਲਅੰਦਾਜ਼ੀ ਨਹੀਂ ਕਰ ਰਹੇ। ਅਸੀਂ ਇਸ ਦੇ ਗੁਣ ਦੋਸ਼ ਵਿਚ ਨਹੀਂ ਜਾਵਾਂਗੇ। ਰਿਟਕਰਤਾ ਨੂੰ ਛੋਟ ਦਿੱਤੀ ਜਾਂਦੀ ਹੈ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜਾ ਸਕਦਾ ਹੈ ਜੋ ਇਸ ਮਾਮਲੇ ‘ਤੇ ਗੌਰ ਕਰ ਰਹੀ ਹੈ।” ਬਾਂਬੇ ਹਾਈ ਕੋਰਟ ਪਹਿਲਾਂ ਹੀ ਇਕ ਕੱਟ ਦ ਨਾਲ ਫਿਲਮ ਰਿਲੀਜ਼ ਕਰਨ ਦੀ ਮਨਜ਼ੂਰੀ ਦੇ ਚੁੱਕੀ ਹੈ। ਚੰਡੀਗੜ੍ਹ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਿਲਮ ਦੀ ਰਿਲੀਜ਼ ਵਿਰੁੱਧ ਦੋਵੇਂ ਰਿਟਾਂ ਖਾਰਜ ਕਰ ਦਿੱਤੀਆਂ। ਨਿਰਮਾਤਾਵਾਂ ਦੇ ਵਕੀਲ ਨੇ ਕਿਹਾ ਕਿ ਜਸਟਿਸ ਐੱਮ. ਜੈਪਾਲ ਦੀ ਛੁੱਟੀਆਂ ਵਾਲੀ ਬੈਂਚ ਨੇ ਰਿਟਾਂ ਨੂੰ ਖਾਰਜ ਕਰ ਦਿੱਤਾ ਹੈ।