Menu

ਇਕ ਸਾਲ ‘ਚ ਮਿਡ-ਡੇ-ਮੀਲ ‘ਤੇ ਖਰਚ ਕੀਤੇ ਗਏ ਹਨ 102 ਕਰੋੜ ਰੁਪਏ

ਸ਼੍ਰੀਨਗਰ— ਸੂਬੇ ਭਰ ‘ਚ ਸਰਕਾਰੀ ਸਕੂਲਾਂ ‘ਚ 8ਵੀਂ ਕਲਾਸ ਤੱਕ ਪੜ੍ਹ ਰਹੇ ਵਿਦਿਆਰਥੀਆਂ ਨੇ 2015-16 ਦੌਰਾਨ 102 ਕਰੋੜ ਰੁਪਏ ਦੇ ਮੁੱਲ ਦੀ ਮਿਡ-ਡੇ-ਮੀਲ ਦਾ ਸੇਵਨ ਕੀਤਾ ਹੈ। ਇਸ ਗੱਲ ਦਾ ਖੁਲਾਸਾ ਰਾਜ ਵਿਧਾਨ ਸਭਾ ‘ਚ ਇਕ ਲਿਖਤੀ ਜਵਾਬ ‘ਚ ਹੋਇਆ ਹੈ। ਮਿਡ-ਡੇ-ਮੀਲ ਯੋਜਨਾ ਭਾਰਤ ਸਰਕਾਰ ਦਾ ਇਕ ਅਜਿਹਾ ਪ੍ਰੋਗਾਰਾਮ ਹੈ ਜਿਸ ਦਾ ਮਕਸਦ ਸਕੂਲੀ ਉਮਰ ਦੇ ਬੱਚਿਆਂ ਦੇ ਪੋਸ਼ਣ ਦੀ ਸਥਿਤੀ ‘ਚ ਸੁਧਾਰ ਕਰਨਾ ਹੈ। ਜੰਮੂ-ਕਸ਼ਮੀਰ ‘ਚ 24 ਹਜ਼ਾਰ ਸਕੂਲ ਹਨ। ਬਾਰਾਮੁਲਾ ‘ਚ ਸਭ ਤੋਂ ਜ਼ਿਆਦਾ 1983 ਜਦੋਂਕਿ ਕੁਪਵਾੜਾ ‘ਚ 1870 ਸਕੂਲ ਹਨ।
ਲੱਦਾਖ ਦੇ ਲੇਹ ‘ਚ ਸਿਰਫ 376 ਸਰਕਾਰੀ ਸਕੂਲ ਹਨ। ਕਸ਼ਮੀਰ ਦੀ ਤੁਲਨਾ ‘ਚ ਜੰਮੂ ਖੇਤਰ ਵਿੱਚ ਮਿਡ-ਡੇ-ਮੀਲ ਯੋਜਨਾ ‘ਤੇ ਧਨ ਦਾ ਅਲਾਟ ਥੋੜ੍ਹਾ ਘੱਟ ਸੀ। ਸਾਲ 2015-16 ਦੌਰਾਨ ਲੇਹ ਅਤੇ ਕਾਰਗਿਲ ਸਮੇਤ ਕਸ਼ਮੀਰ ‘ਚ ਮਿਡ-ਡੇ-ਮੀਲ ‘ਤੇ 53.16 ਕਰੋੜ ਅਤੇ ਜੰਮੂ ‘ਚ 49.3 ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਸੂਬੇ ‘ਚ 22 ਜ਼ਿਲਿਆਂ ‘ਚੋਂ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲਾ ਬਾਰਾਮੁਲਾ ਲਿਸਟ ‘ਚ ਸਭ ਤੋਂ ਉੱਪਰ ਹੈ। ਇਥੇ ਮਿਡ-ਡੇ-ਮੀਲ ‘ਤੇ 10.43 ਕਰੋੜ ਖਰਚ ਕੀਤੇ ਗਏ। ਇਸ ਤੋਂ ਬਾਅਦ ਕੁਪਵਾੜਾ ਜ਼ਿਲਾ ਲਿਸਟ ‘ਚ ਹੈ। ਸਭ ਤੋਂ ਘੱਟ ਅਲਾਟ ਕਾਰਗਿਲ ਜ਼ਿਲੇ ‘ਚ ਦੇਖਿਆ ਗਿਆ। ਇਥੇ ਯੋਜਨਾ ‘ਤੇ ਸਿਰਫ 0.63 ਕਰੋੜ ਦਾ ਖਰਚ ਕੀਤਾ ਗਿਆ ਸੀ।