World

ਇਸ ਟਾਪੂ ‘ਤੇ 12 ਸਾਲ ਬਾਅਦ ਹੋਇਆ ਬੱਚੇ ਦਾ ਜਨਮ, ਲੋਕਾਂ ਨੇ ਮਨਾਇਆ ਜਸ਼ਨ

ਬ੍ਰਾਸੀਲੀਆ — ਬ੍ਰਾਜ਼ੀਲ ਦੇ ਇਕ ਦੂਰ-ਦੁਰਾਡੇ ਟਾਪੂ ਵਿਚ 12 ਸਾਲ ਬਾਅਦ ਕਿਸੇ ਬੱਚੇ ਦਾ ਜਨਮ ਹੋਇਆ ਹੈ। ਇਸ ਟਾਪੂ ‘ਤੇ ਬੱਚਿਆਂ ਨੂੰ ਜਨਮ ਦੇਣ ‘ਤੇ ਪਾਬੰਦੀ ਲੱਗੀ ਹੋਈ ਹੈ। ਪਰ ਫਿਰ ਵੀ ਨਵੇਂ ਮਹਿਮਾਨ ਦੇ ਆਉਣ ‘ਤੇ ਜਸ਼ਨ ਮਨਾਇਆ ਜਾ ਰਿਹਾ ਹੈ। ਬ੍ਰਾਜ਼ੀਲ ਦੇ ਨਤਾਲ ਸ਼ਹਿਰ ਤੋਂ 370 ਕਿਲੋਮੀਟਰ ਦੂਰ ਫਰਨਾਂਡੋ ਡੀ ਨੋਰੋਨਹਾ ਟਾਪੂ ‘ਤੇ ਲੱਗਭਗ 3 ਹਜ਼ਾਰ ਲੋਕ ਰਹਿੰਦੇ ਹਨ। ਇਸ ਟਾਪੂ ਦੇ ਹਸਪਤਾਲ ਵਿਚ ਜਣੇਪਾ ਵਾਰਡ ਨਹੀਂ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਬੱਚਿਆਂ ਨੂੰ ਜਨਮ ਦੇਣ ਲਈ ਮੁੱਖ ਭੂ-ਭਾਗ ਵਿਚ ਜਾਣ ਲਈ ਕਿਹਾ ਜਾਂਦਾ ਹੈ। ਜਿਸ ਮਹਿਲਾ ਨੇ ਸ਼ਨੀਵਾਰ ਨੂੰ ਇਸ ਟਾਪੂ ‘ਤੇ ਇਕ ਬੱਚੀ ਨੂੰ ਜਨਮ ਦਿੱਤਾ, ਉਹ ਆਪਣੀ ਪਛਾਣ ਜ਼ਾਹਰ ਨਹੀਂ ਕਰਨਾ ਚਾਹੁੰਦੀ। ਮਹਿਲਾ ਮੁਤਾਬਕ ਉਸ ਨੂੰ ਨਹੀਂ ਪਤਾ ਸੀ ਕਿ ਉਹ ਗਰਭਵਤੀ ਸੀ। ਬੱਚੇ ਦਾ ਜਨਮ ਹੋਣ ‘ਤੇ ਉਹ ਖੁਦ ਹੈਰਾਨ ਰਹਿ ਗਈ।
ਇਕ ਅਨੁਮਾਨ ਮੁਤਾਬਕ ਮਹਿਲਾ ਦੀ ਉਮਰ 22 ਸਾਲ ਹੈ। ਇਕ ਵੈਬਸਾਈਟ ਨੂੰ ਦਿੱਤੇ ਇੰਟਰਵਿਊ ਵਿਚ ਮਹਿਲਾ ਨੇ ਕਿਹਾ,”ਸ਼ੁੱਕਰਵਾਰ ਰਾਤ ਮੈਨੂੰ ਦਰਦ ਹੋਣੀ ਸ਼ੁਰੂ ਹੋਈ। ਮੈਂ ਬਾਥਰੂਮ ਵਿਚ ਗਈ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕੁਝ ਹੋ ਰਿਹਾ ਹੈ। ਅਸਲ ਵਿਚ ਇਹ ਜਣੇਪੇ ਦੀ ਦਰਦ ਸੀ। ਫਿਰ ਮੈਂ ਬੱਚੇ ਨੂੰ ਜਨਮ ਦਿੱਤਾ। ਬੱਚੇ ਨੂੰ ਉਸ ਦੇ ਪਿਤਾ ਨੇ ਉਠਾਇਆ। ਮੈਂ ਲੜਕੀ ਨੂੰ ਜਨਮ ਦਿੱਤਾ। ਮੈਂ ਹੈਰਾਨ ਰਹਿ ਗਈ ਸੀ।” ਇਸ ਮਗਰੋਂ ਬੱਚੇ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਸਥਾਨਕ ਪ੍ਰਸ਼ਾਸਨ ਨੇ ਬਿਆਨ ਜਾਰੀ ਕਰ ਕੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਵੈਬਸਾਈਟ ਮੁਤਾਬਕ ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਵਿਚ ਲਿਖਿਆ ਗਿਆ ਹੈ,”ਜਣੇਪਾ ਮਹਿਲਾ ਦੇ ਘਰ ਵਿਚ ਹੀ ਹੋਇਆ। ਉਹ ਆਪਣੀ ਪਛਾਣ ਜਨਤਕ ਨਹੀਂ ਕਰਨਾ ਚਾਹੁੰਦੀ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸ ਦੇ ਗਰਭਵਤੀ ਹੋਣ ਦੇ ਬਾਰੇ ਵਿਚ ਜਾਣਕਾਰੀ ਨਹੀਂ ਸੀ।”
ਟਾਪੂ ‘ਤੇ ਇਸ ਤਰ੍ਹਾਂ ਬੱਚੇ ਦਾ ਜਨਮ ਹੋਣ ‘ਤੇ ਸਥਾਨਕ ਲੋਕ ਜਸ਼ਨ ਮਨਾ ਰਹੇ ਹਨ। ਰਿਪੋਰਟਾਂ ਮੁਤਾਬਕ ਉਹ ਪਰਿਵਾਰ ਦੀ ਮਦਦ ਕਰ ਰਹੇ ਹਨ। ਕੁਝ ਲੋਕਾਂ ਨੇ ਬੱਚੀ ਲਈ ਕੱਪੜੇ ਵੀ ਦਾਨ ਕੀਤੇ ਹਨ। ਫਰਨਾਂਡੋ ਡੀ ਨੋਰੋਨਹਾ ਵਿਚ ਕਈ ਸੁੰਦਰ ਬੀਚ ਹਨ। ਇਨ੍ਹਾਂ ਦੀ ਗਿਣਤੀ ਦੁਨੀਆ ਦੇ ਸਭ ਤੋਂ ਖੂਬਸੂਰਤ ਤੱਟਾਂ ਵਿਚ ਕੀਤੀ ਜਾਂਦੀ ਹੈ। ਇਹ ਟਾਪੂ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਵੀ ਚਰਚਾ ਵਿਚ ਹੈ।