Menu

ਇਸ ਵਾਰ ਪਿਆਜ਼ ਨਹੀਂ, ਚਿੰਤਾ ਵਧਾ ਰਿਹਾ ਹੈ ਆਲੂ

ਨਵੀਂ ਦਿੱਲੀ — ਪਿਆਜ਼ ਦੀਆਂ ਕੀਮਤਾਂ ਹਰ ਸੀਜ਼ਨ ਵਿਚ ਸਰਕਾਰ ਨੂੰ ਰੁਆਉਣ ਲਈ ਤਿਆਰ ਰਹਿੰਦੀਆਂ ਹਨ ਪਰ ਇਸ ਵਾਰ ਸਰਕਾਰ ਦੀ ਚਿੰਤਾ ਦਾ ਕਾਰਨ ਆਲੂ ਬਣ ਰਿਹਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਫਲ ਅਤੇ ਸਬਜ਼ੀ ਮੰਡੀ ਆਜ਼ਾਦਪੁਰ ਵਿਚ ਮਈ ਮਹੀਨੇ ਵਿਚ ਆਲੂ ਦੀਆਂ ਕੀਮਤਾਂ ਨੇ ਤੇਜ਼ੀ ਫੜ ਲਈ ਹੈ ਅਤੇ ਕੀਮਤ 13 ਤੋਂ 15 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਇਸੇ ਮਹੀਨੇ ਵਿਚ ਹੀ ਆਲੂ ਦੀਆਂ ਕੀਮਤਾਂ ਵਿਚ ਲੱਗਭਗ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਸ ਦੇ ਬਾਅਦ ਹੁਣ ਪ੍ਰਚੂਨ ਬਾਜ਼ਾਰ ਵਿਚ ਆਲੂ ਦੀ ਕੀਮਤ 20 ਤੋਂ 23 ਰੁਪਏ ਪ੍ਰਤੀ ਕਿਲੋ ਤੱਕ ਜਾ ਪਹੁੰਚੀ ਹੈ। ਜੇਕਰ ਸਰਕਾਰ ਨੇ ਜਲਦੀ ਹੀ ਆਲੂ ਦੀਆਂ ਕੀਮਤਾਂ ‘ਤੇ ਰੋਕ ਲਗਾਉਣ ਲਈ ਉਚਿਤ ਕਦਮ ਨਾ ਚੁੱਕੇ ਤਾਂ ਦਾਲਾਂ ਦੇ ਬਾਅਦ ਹੁਣ ਆਲੂ ਦੀਆਂ ਕੀਮਤਾਂ ਵੀ ਆਸਮਾਨ ਨੂੰ ਛੂਹਣ ਲੱਗਣਗੀਆਂ। ਦੇਸ਼ ‘ਚ ਉੱਤਰ ਪ੍ਰਦੇਸ਼ ਤੋਂ ਬਾਅਦ ਪੱਛਮੀ ਬੰਗਾਲ ਤੇ ਪੰਜਾਬ ‘ਚ ਸਭ ਤੋਂ ਵੱਧ ਆਲੂ ਪੈਦਾ ਹੁੰਦਾ ਹੈ। ਇਸ ਵਾਰ ਇਨ੍ਹਾਂ ਦੋਵਾਂ ਹੀ ਸੂਬਿਆਂ ‘ਚ ਆਲੂ ਦੀ ਫਸਲ ਘੱਟ ਰਹੀ ਹੈ। ਇਸ ਕਾਰਨ ਸਾਲ 2015-16 ਦੌਰਾਨ 455.69 ਲੱਖ ਟਨ ਆਲੂ ਦੀ ਫਸਲ ਪੈਦਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਜਦਕਿ ਸਾਲ 2014-15 ਦੌਰਾਨ ਇਹ ਫਸਲ 480.09 ਲੱਖ ਟਨ ਰਹੀ ਸੀ। ਇਸ ਸਾਲ ਜਿੱਥੇ ਪੱਛਮੀ ਬੰਗਾਲ ‘ਚ ਸਿਰਫ 95 ਲੱਖ ਟਨ ਆਲੂ ਪੈਦਾ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ, ਉੱਥੇ ਹੀ ਪੰਜਾਬ ‘ਚ ਇਹ ਪੈਦਾਵਾਰ ਸਿਰਫ 80 ਲੱਖ ਟਨ ਹੀ ਰਹਿ ਸਕਦੀ ਹੈ। ਆਜ਼ਾਦਪੁਰ ਮੰਡੀ ‘ਚ ਮੌਜੂਦਾ ਸਮੇਂ ‘ਚ ਪਹਾੜੀ ਆਲੂ ਦੀ ਆਮਦ ਹੈ, ਜਿਹੜੇ ਟਰੱਕ ਰੋਜ਼ਾਨਾ ਮੰਡੀ ਪੁੱਜ ਰਹੇ ਹਨ, ਉਨ੍ਹਾਂ ‘ਚ ਹਿਮਾਚਲ, ਉੱਤਰਾਖੰਡ ਤੇ ਪੰਜਾਬ ਦੇ ਸ਼ਾਮਿਲ ਹਨ। ਬਾਵਜੂਦ ਇਸ ਦੇ ਆਲੂ ਦੀ ਆਮਦ ਪੂਰੀ ਨਹੀਂ ਹੋ ਪਾ ਰਹੀ ਹੈ, ਜਿਸ ਕਾਰਨ ਰੇਟ ਵਧੇ ਹਨ।
ਆਜ਼ਾਦਪੁਰ ਮੰਡੀ ‘ਚ ਮੌਜੂਦਾ ਸਥਿਤੀ ਮੁਤਾਬਕ ਆਲੂ ਦੇ 70-80 ਟਰੱਕ ਰੋਜ਼ਾਨਾ ਆ ਰਹੇ ਹਨ, ਜਦਕਿ ਬੀਤੇ ਸਾਲ ਇਸ ਸੀਜ਼ਨ ‘ਚ ਆਲੂ ਦੇ 120 ਤੋਂ 150 ਟਰੱਕ ਮੰਡੀ ਪੁੱਜ ਰਹੇ ਸਨ। ਅਜਿਹੇ ‘ਚ ਆਲੂ ਦਾ ਉਤਪਾਦਨ ਘੱਟ ਹੋਣ ਦਾ ਅਸਰ ਆਲੂ ਦੀ ਆਮਦ ‘ਤੇ ਪੈਣਾ ਸ਼ੁਰੂ ਹੋ ਗਿਆ ਹੈ,ਜਿਸ ਕਾਰਨ ਹੁਣ ਆਲੂ ਦੀਆਂ ਕੀਮਤਾਂ ‘ਚ ਤੇਜ਼ੀ ਆਈ ਹੈ। ਅਪ੍ਰੈਲ ਦੇ ਅਖੀਰ ਤੱਕ ਆਲੂ ਦੀਆਂ ਕੀਮਤਾਂ ਪ੍ਰਤੀ ਕੁਇੰਟਲ 1060 ਸੀ, ਜੋ ਵਧ ਕੇ 1280 ਰੁਪਏ ਪ੍ਰਤੀ ਕੁਇੰਟਲ ਪੁੱਜ ਗਈਆਂ ਹਨ। 220 ਰੁਪਏ ਪ੍ਰਤੀ ਕੁਇੰਟਲ ਤੱਕ ਵਾਧਾ ਹੋਇਆ ਹੈ।
ਪ੍ਰਚੂਨ ਬਾਜ਼ਾਰ ‘ਚ ਆਲੂ ਦੀਆਂ ਕੀਮਤਾਂ ਵਧਣ ਕਾਰਨ ਮੰਡੀ ‘ਚ ਆਮਦ ‘ਤੇ ਅਸਰ ਪਿਆ ਹੈ। ਇਸ ਸੀਜ਼ਨ ‘ਚ ਆਲੂ ਦੀ ਫਸਲ ਕਮਜ਼ੋਰ ਰਹੀ ਹੈ, ਅਜਿਹੇ ‘ਚ ਹੁਣ ਨਵੀਂ ਫਸਲ ਦੇ ਆਉਣ ‘ਤੇ ਹੀ ਕੀਮਤਾਂ ‘ਚ ਕੋਈ ਕਮੀ ਦਰਜ ਕੀਤੀ ਜਾਵੇਗੀ।