UK News

ਇੰਗਲੈਂਡ ਅਤੇ ਵੇਲਜ਼ ‘ਚ ਮੈਰਿਜ ਸਰਟੀਫਿਕੇਟ ‘ਚ ਮਾਵਾਂ ਦੇ ਨਾਂ ਹੋਣਗੇ ਸ਼ਾਮਿਲ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਅਤੇ ਵੇਲਜ਼ ਵਿਚ ਲਾੜੀ ਅਤੇ ਲਾੜਿਆਂ ਦੀਆਂ ਮਾਵਾਂ ਹੁਣ ਪਹਿਲੀ ਵਾਰ ਵਿਆਹ ਦੇ ਸਰਟੀਫਿਕੇਟ ਵਿੱਚ ਸ਼ਾਮਿਲ ਕੀਤੀਆਂ ਜਾਣਗੀਆਂ। ਹੁਣ ਤੱਕ ਵਿਆਹ ਦੇ ਇਸ ਦਸਤਾਵੇਜ਼ ਵਿੱਚ ਸਿਰਫ ਜੋੜੇ ਦੇ ਪਿਤਾ ਦਾ ਨਾਮ ਸ਼ਾਮਿਲ ਕੀਤਾ ਜਾਂਦਾ ਸੀ ਪਰ ਮੈਰਿਜ ਐਕਟ ਵਿੱਚ ਤਬਦੀਲੀ ਨਾਲ ਦੋਵੇਂ ਮਾਪਿਆਂ ਦਾ ਨਾਮ ਸਰਟੀਫਿਕੇਟ ਵਿੱਚ ਸ਼ਾਮਿਲ ਕੀਤਾ ਜਾਵੇਗਾ। 

ਇਸ ਸੰਬੰਧੀ ਗ੍ਰਹਿ ਦਫਤਰ ਨੇ ਕਿਹਾ ਹੈ ਕਿ ਇਹ ਕਦਮ ਇੱਕ ਇਤਿਹਾਸਕ ਵਿਗਾੜ ਨੂੰ ਦਰੁਸਤ ਕਰੇਗਾ। ਇਸ ਦੇ ਇਲਾਵਾ ਵਿਆਹ ਹੁਣ ਇਲੈਕਟ੍ਰਾਨਿਕ ਤੌਰ ‘ਤੇ ਰਜਿਸਟਰ ਕੀਤੇ ਜਾਣਗੇ, ਜਿਸ ਨਾਲ ਤਕਰੀਬਨ 1837 ਤੋਂ ਰਜਿਸਟਰੀ ਦੀ ਕਿਤਾਬ ਵਿੱਚ ਲਿਖਣ ਦੀ ਪ੍ਰਕਿਰਿਆ ਵਿੱਚ ਤਬਦੀਲੀ ਆ ਜਾਵੇਗੀ। ਸਰਕਾਰ ਨੇ ਕਿਹਾ ਕਿ ਇਸ ਲਈ ਇੱਕ ਸਿੰਗਲ ਇਲੈਕਟ੍ਰਾਨਿਕ ਰਜਿਸਟਰ, ਜੋ ਕਿ ਮੰਗਲਵਾਰ ਨੂੰ ਲਾਈਵ ਜਾਰੀ ਹੋਵੇਗਾ ਦੇ ਨਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ ਅਤੇ ਹਾਰਡ ਕਾਪੀਆਂ ਵਿੱਚੋਂ ਕਿਸੇ ਵੀ ਵੇਰਵੇ ਦੀ ਜ਼ਰੂਰਤ ਦੂਰ ਹੋ ਜਾਵੇਗੀ।

ਇਸ ਤੋਂ ਪਹਿਲਾਂ ਵਿਆਹ ਇੱਕ ਰਜਿਸਟਰ ਬੁੱਕ ‘ਤੇ ਦਸਤਖ਼ਤ ਕਰਨ ਨਾਲ ਦਰਜ ਕੀਤੇ ਜਾਂਦੇ ਸਨ ਅਤੇ ਹੁਣ ਮੈਰਿਜ ਐਕਟ ਵਿਚ ਬਦਲਾਅ ਚਰਚ ਆਫ ਇੰਗਲੈਂਡ ਦੀ ਸਲਾਹ ਨਾਲ ਕੀਤੇ ਗਏ ਹਨ। ਇਹ ਕਦਮ ਇੰਗਲੈਂਡ ਅਤੇ ਵੇਲਜ਼ ਨੂੰ ਯੂਕੇ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ। ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿੱਚ ਜੋੜਿਆਂ ਨੂੰ ਵਿਆਹ ਦੇ ਦਸਤਾਵੇਜ਼ਾਂ ‘ਤੇ ਦੋਵਾਂ ਮਾਪਿਆਂ ਦੇ ਨਾਮ ਦੇਣ ਲਈ ਕਿਹਾ ਜਾਂਦਾ ਹੈ।