World

ਇੰਗਲੈਂਡ ‘ਚ ਮੇਅਰ ਰਹੇ ਮਾਸਟਰ ਤੇਜ਼ ਰਾਮ ਬਾਘਾ ਦਾ ਦਿਹਾਂਤ, ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ

ਲੰਡਨ — ਇੰਗਲੈਂਡ ‘ਚ ਪੰਜਾਬ ਦਾ ਨਾਂ ਉੱਚਾ ਕਰਨ ਵਾਲੇ ਸਾਬਕਾ ਮੇਅਰ ਮਾਸਟਰ ਤੇਜ਼ ਰਾਮ ਬਾਘਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਉਹ ਲੰਡਨ ‘ਚ ਈਲਿੰਗ ਸਾਊੂਥਾਲ ਦੇ ਮੇਅਰ ਰਹੇ ਸਨ। ਜਾਣਕਾਰੀ ਮੁਤਾਬਕ ਉਹ ਕੁਝ ਦਿਨਾਂ ਤੋਂ ਬਿਮਾਰ ਸਨ। ਤੁਹਾਨੂੰ ਦੱਸ ਦਈਏ ਕਿ ਉਹ 2013 ਤੋਂ 2014 ਤੱਕ ਈਲਿੰਗ ਦੇ ਡਿਪਟੀ ਮੇਅਰ ਅਤੇ 2014 ਤੋਂ 2015 ਤੱਕ ਮੇਅਰ ਰਹੇ ।

ਸ੍ਰੀ ਤੇਜ ਰਾਮ ਬਾਘਾ 1964 ਤੋਂ ਬਰਤਾਨੀਆ ਆਏ ਅਤੇ ਉਹ ਪੇਸ਼ੇ ਵਜੋਂ ਅਧਿਆਪਕ ਸਨ। ਉਹ 1994 ‘ਚ ਪਹਿਲੀ ਵਾਰ ਕੌਂਸਲਰ ਬਣੇ । ਉਨ੍ਹਾਂ ਦਾ ਪਿਛੋਕੜ ਜਲੰਧਰ ਜ਼ਿਲੇ ਦੇ ਪਿੰਡ ਜੌਹਲਾਂ ਤੋਂ ਸੀ। ਉਹ ਇੰਡੀਅਨ ਵਰਕਰਜ਼ ਐਸੋਸੀਏਸ਼ਨ, ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਆਦਿ ਸਮੇਤ ਕਈ ਜਥੇਬੰਦੀਆਂ ਅਤੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਸਰਗਰਮ ਮੈਂਬਰ ਸਨ। ਐਮ. ਪੀ. ਵਰਿੰਦਰ ਸ਼ਰਮਾ (ਲੰਡਨ ਅਸੈਂਬਲੀ ਮੈਂਬਰ) , ਡਾ. ਉਂਕਾਰ ਸਿੰਘ ਸਹੋਤਾ, ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਸ੍ਰੀ ਜੋਗਰਾਜ ਅਹੀਰ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ, ਹਿੰਮਤ ਸਿੰਘ ਸੋਹੀ, ਕੌਂਸਲਰ ਰਾਜੂ ਸੰਸਾਰਪੁਰੀ, ਜਸਕਰਨ ਜੋਹਲ, ਨਛੱਤਰ ਕਲਸੀ, ਇੰਡੀਅਨ ਓਵਰਸੀਜ਼ ਕਾਂਗਰਸ ਲੰਡਨ ਦੇ ਪ੍ਰਧਾਨ ਜੋਗਾ ਸਿੰਘ ਢਡਵਾੜ, ਸੁਖਦੇਵ ਸਿੰਘ ਔਜਲਾ, ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਸਮੇਤ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਹੈ।