UK News

ਇੰਗਲੈਂਡ ‘ਚ 20 ਲੱਖ ਤੋਂ ਵੱਧ ਲੋਕ ਲੰਮੇ ਸਮੇਂ ਦੇ ਕੋਵਿਡ ਲੱਛਣਾਂ ਤੋਂ ਹੋ ਸਕਦੇ ਹਨ ਪ੍ਰਭਾਵਿਤ

ਗਲਾਸਗੋ/ਲੰਡਨ : ਇੰਗਲੈਂਡ ਵਿੱਚ ਤਕਰੀਬਨ 5 ਲੱਖ ਲੋਕਾਂ ‘ਤੇ ਕੀਤੇ ਗਏ ਸਰਵੇਖਣ ਤੋਂ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਲੱਗਭਗ 20 ਲੱਖ ਲੋਕਾਂ ਵਿੱਚ ਕੋਰੋਨਾ ਵਾਇਰਸ ਹੋਣ ਦੇ ਬਾਅਦ ਵੀ ਲੰਮੇ ਸਮੇਂ ਤੱਕ ਚੱਲਣ ਵਾਲੇ ਲੱਛਣ ਮੌਜੂਦ ਹੋ ਸਕਦੇ ਹਨ, ਜਿਸ ਨੂੰ “ਲੌਂਗ ਕੋਵਿਡ” ਵਜੋਂ ਜਾਣਿਆ ਜਾਂਦਾ ਹੈ। 

 

ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਜਿਹਨਾਂ ਲੋਕਾਂ ਵਿੱਚ ਕੋਰੋਨਾ ਵਾਇਰਸ ਦੇ ਇੱਕ ਜਾਂ ਵਧੇਰੇ ਲੱਛਣ ਹੁੰਦੇ ਹਨ, ਘੱਟੋ ਘੱਟ 12 ਹਫ਼ਤਿਆਂ ਤੱਕ ਰਹਿੰਦੇ ਹਨ। ਸਰਕਾਰ ਦੁਆਰਾ ਇਸ ਲੌਂਗ ਕੋਵਿਡ ਦੀ ਖੋਜ ਅਤੇ ਹੋਰ ਜਾਂਚ ਲਈ 50 ਮਿਲੀਅਨ ਪੌਂਡ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਲੌਂਗ ਕੋਵਿਡ ਇੱਕ ਉੱਭਰ ਰਹੀ ਸਮੱਸਿਆ ਹੈ, ਜਿਸ ਨੂੰ ਅਜੇ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ। ਇਹ ਸ਼ੁਰੂਆਤੀ ਕੋਰੋਨਾ ਵਾਇਰਸ ਦੀ ਲਾਗ ਦੇ ਬਾਅਦ ਲੱਛਣਾਂ ਦੀ ਵਿਆਪਕ ਲੜੀ ਨੂੰ ਕਵਰ ਕਰਦਾ ਹੈ, ਜਿਸ ਵਿੱਚ ਥਕਾਵਟ, ਖੰਘ, ਛਾਤੀ ਵਿੱਚ ਦਰਦ, ਸਿਰ ਦਰਦ ਅਤੇ ਮਾਸਪੇਸ਼ੀ ਦੇ ਦਰਦ ਸ਼ਾਮਲ ਹਨ। 

 

ਸਤੰਬਰ 2020 ਅਤੇ ਫਰਵਰੀ 2021 ਦੇ ਵਿਚਕਾਰ ਹੋਏ ਅਧਿਐਨ ਅਨੁਸਾਰ ਲੋਕਾਂ ਨੂੰ ਕੋਵਿਡ ਹੋਣ ਜਾਂ ਨਾ ਹੋਣ ਦੇ ਨਾਲ ਵੱਖ-ਵੱਖ ਲੱਛਣਾਂ ਦੀ ਮੌਜੂਦਗੀ ਅਤੇ ਸਮਾਂ ਸੀਮਾ ਬਾਰੇ ਪੁੱਛਿਆ ਗਿਆ ਸੀ। ਖੋਜੀਆਂ ਨੇ ਦੱਸਿਆ ਕਿ ਇਹ ਸੰਭਵ ਹੈ ਕਿ ਉਨ੍ਹਾਂ ਦੇ ਸਮੂਹ ਦੇ ਕੁਝ ਲੋਕ, ਉਦਾਹਰਣ ਵਜੋਂ ਮਾਮੂਲੀ ਜਿਹੇ ਲੱਛਣਾਂ ਵਾਲੇ ਲੋਕ, ਆਪਣੇ ਆਪ ਨੂੰ ਲੌਂਗ ਕੋਵਿਡ ਤੋਂ ਪੀੜਤ ਨਹੀਂ ਮੰਨਦੇ। ਇਸ ਦੌਰਾਨ, ਯੂਨੀਵਰਸਿਟੀ ਕਾਲਜ ਲੰਡਨ ਅਤੇ ਕਿੰਗਜ਼ ਕਾਲਜ ਲੰਡਨ ਦੁਆਰਾ ਕਰਵਾਏ ਗਏ ਇੱਕ ਹੋਰ ਅਧਿਐਨ ਅਨੁਸਾਰ ਅੱਧਖੜ ਉਮਰ ਦੇ ਛੇ ਵਿਅਕਤੀਆਂ ਵਿਚੋਂ ਇੱਕ ਨੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਰਿਪੋਰਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਵਿੱਚ ਕੋਵਿਡ ਦੇ ਲੰਮੇ ਸਮੇਂ ਦੇ ਲੱਛਣ ਹਨ। ਸਿਹਤ ਸਕੱਤਰ ਮੈਟ ਹੈਨਕਾਕ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਲੌਂਗ ਕੋਵਿਡ ਪ੍ਰਭਾਵਿਤ ਲੋਕਾਂ ਦੀ ਜ਼ਿੰਦਗੀ ਉੱਤੇ ਸਥਾਈ ਅਤੇ ਕਮਜ਼ੋਰ ਪ੍ਰਭਾਵ ਪਾ ਸਕਦਾ ਹੈ। ਇਸਦੇ ਇਲਾਵਾ ਐੱਨ ਐੱਚ ਐੱਸ ਨੇ ਪੂਰੇ ਇੰਗਲੈਂਡ ਵਿੱਚ ਇਸਦੀ ਪਹਿਚਾਣ ਲਈ 80 ਤੋਂ ਵੱਧ ਕੇਂਦਰ ਖੋਲ੍ਹੇ ਹਨ।