India News

ਇੰਝ ਬੱਝਿਆ ਰਾਮ ਰਹੀਮ ਦੇ ਪਤਨ ਦਾ ਮੁੱਢ, ਕੜੀ-ਦਰ-ਕੜੀ ਉਲਝਿਆ ਮਾਮਲਾ

ਚੰਡੀਗੜ੍ਹ: ਸਾਲ 2002 ਵਿੱਚ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦਾ ਕਤਲ ਹੋ ਗਿਆ ਸੀ। ਇਹ ਕਤਲ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ, ਡੇਰੇ ਦੇ ਸਾਬਕਾ ਮੈਨੇਜਰ ਕ੍ਰਿਸ਼ਨ ਲਾਲ ਤੇ ਡੇਰਾ ਪ੍ਰੇਮੀ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੇ ਕੀਤਾ ਪਰ ਅਜਿਹਾ ਕੀ ਹੋਇਆ ਕਿ ਰਾਮ ਰਹੀਮ ਨੂੰ ਛੱਤਰਪਤੀ ਦਾ ਕਤਲ ਕਰਨਾ ਪਿਆ..? ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਡੇਰਾ ਮੁਖੀ ਨਾਲ ਛੱਤਰਪਤੀ ਦੀ ਦੁਸ਼ਮਣੀ ਸਾਧਵੀਆਂ ਨਾਲ ਬਲਾਤਕਾਰ ਦਾ ਮਾਮਲਾ ਲੋਕਾਂ ਸਾਹਮਣੇ ਲਿਆਉਣ ਮਗਰੋਂ ਸ਼ੁਰੂ ਹੋਈ, ਪਰ ਅਜਿਹਾ ਨਹੀਂ। ਇੰਨਾ ਹੀ ਨਹੀਂ ਰਾਮ ਰਹੀਮ ਵਿਰੁੱਧ ਜਾਰੀ ਹਰੇਕ ਮੁਕੱਦਮੇ ਦਾ ਸਬੰਧ ਪੱਤਰਕਾਰ ਰਾਮ ਚੰਦਰ ਛੱਤਰਪਤੀ ਨਾਲ ਹੈ।

ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਡੇਰੇ ਵੱਲੋਂ ਲੋਕਾਂ ਦੀ ਸਹੂਲਤ ਲਈ ਸਿਰਸਾ ਬੱਸ ਸਟੈਂਡ ਤੋਂ ਡੇਰੇ ਤਕ ਆਪਣੀਆਂ ਗੱਡੀਆਂ ਚਲਾਈਆਂ ਜਾਂਦੀਆਂ ਸਨ। ਸਾਲ 1998 ਵਿੱਚ ਡੇਰੇ ਨਾਲ ਲਗਦੇ ਪਿੰਡ ਬੇਗੂ ਦਾ ਬੱਚਾ ਡੇਰੇ ਗੱਡੀ ਹੇਠ ਆ ਕੇ ਮਾਰਿਆ ਗਿਆ। ਪਿੰਡ ਦੇ ਲੋਕਾਂ ਸੜਕ ਜਾਮ ਕਰ ਦਿੱਤੀ ਤੇ ਮੰਗ ਕੀਤੀ ਕਿ ਡੇਰੇ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ। ਗੱਲ ਮੀਡੀਆ ‘ਚ ਗਈ ਤੇ ਡੇਰੇ ਦੇ ਲੋਕ ਵੀ ਉੱਥੇ ਆ ਗਏ। ਉਨ੍ਹਾਂ ਪੱਤਰਕਾਰਾਂ ਨੂੰ ਧਮਕਾਇਆ ਤਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤਕਰਤਾਵਾਂ ਵਿੱਚ ਸਭ ਤੋਂ ਮੋਹਰੀ ਸਨ।

ਇਸ ਮਾਮਲੇ ਵਿੱਚ ਸਥਾਨਕ ਪ੍ਰਸ਼ਾਸਨ ਦੇ ਦਖ਼ਲ ਮਗਰੋਂ ਸਮਝੌਤਾ ਹੋਇਆ ਤਾਂ ਡੇਰਾ ਕਮੇਟੀ ਨੇ ਮੁਆਫ਼ੀ ਮੰਗੀ। ਇਸ ਮੁਆਫ਼ੀਨਾਮੇ ਨੇ ਪੰਜ ਪੱਤਰਕਾਰਾਂ ਨੇ ਹਸਤਾਖਰ ਕੀਤੇ, ਜਿਨ੍ਹਾਂ ਦੀ ਅਗਵਾਈ ਵੀ ਰਾਮ ਚੰਦਰ ਛੱਤਰਪਤੀ ਨੇ ਕੀਤੀ। ਇੱਥੋਂ ਉਹ ਡੇਰੇ ਦੀ ਨਜ਼ਰੇ ਚੜ੍ਹ ਗਏ।

ਸਾਲ 2001 ਵਿੱਚ ਡੇਰੇ ਖ਼ਿਲਾਫ਼ ਹਰਿਆਣਆ ਦੇ ਤਤਕਾਲੀ ਮੁੱਖ ਮੰਤਰੀ ਬੰਸੀਲਾਲ ਨੂੰ ਮੰਗ ਪੱਤਰ ਸੌਂਪਿਆ। ਮੁੱਖ ਮੰਤਰੀ ਤਕ ਮੰਗ ਪੱਤਰ ਪਹੁੰਚਾਉਣ ਵਾਲਿਆਂ ਵਿੱਚ ਵੀ ਪੱਤਰਕਾਰ ਰਾਮ ਚੰਦਰ ਛੱਤਰਪਤੀ ਮੋਹਰੀ ਸਨ। 2001 ਵਿੱਚ ਹੀ ਡੇਰੇ ਦੀਆਂ ਵਧੀਕੀਆਂ ਵਿਰੁੱਧ ਰਾਮ ਚੰਦਰ ਛੱਤਰਪਤੀ ਨੇ ਕਈ ਖ਼ਬਰਾਂ ਕੀਤੀਆਂ ਤਾਂ ਪ੍ਰਬੰਧਕ ਉਨ੍ਹਾਂ ਨੂੰ ਡਰਾਉਣ ਧਮਕਾਉਣ ਲੱਗੇ।

ਮਈ 2002 ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਕੀਤੇ ਜਾਣ ਦੀ ਖ਼ਬਰ ਬਾਹਰ ਆਈ ਤਾਂ ਡੇਰੇ ਦੇ ਡਰ ਤੋਂ ਹੋਰਾਂ ਪੱਤਰਕਾਰਾਂ ਨੇ ਨਾਂਹ ਕਰ ਦਿੱਤੀ ਪਰ ਛੱਤਰਪਤੀ ਨੇ ਆਪਣੇ ਰੋਜ਼ਾਨਾ ਅਖ਼ਬਾਰ ‘ਪੂਰਾ ਸੱਚ’ ਵਿੱਚ ਇਹ ਚਿੱਠੀਆਂ ਛਾਪ ਦਿੱਤੀਆਂ ਸਨ। ਅਗਲੇ ਹੀ ਦਿਨ ਛੱਤਰਪਤੀ ਨੂੰ ਧਮਕੀਆਂ ਭਰੇ ਫ਼ੋਨ ਆਉਣੇ ਸ਼ੁਰੂ ਹੋ ਗਏ ਅਤੇ ਕਈ ਲੋਕਾਂ ਨੇ ਉਨ੍ਹਾਂ ਦੇ ਦਿੱਲੀ ਹਾਈਵੇਅ ‘ਤੇ ਰੇਲਵੇ ਫਾਟਕ ਕੋਲ ਸਥਿਤ ਦਫ਼ਤਰ ਦੇ ਬਾਹਰ ਆ ਕੇ ਵੀ ਉਨ੍ਹਾਂ ਨੂੰ ਧਮਕਾਇਆ।

ਇਸ ਮਗਰੋਂ ਡੇਰਾ ਪ੍ਰੇਮੀਆਂ ਨੇ ਪੱਤਰਕਾਰਾਂ ‘ਤੇ ਦਬਾਅ ਬਣਾਉਣ ਲਈ ਸਿਰਸਾ ਤੋਂ ਇਲਾਵਾ ਫ਼ਤਿਹਾਬਾਦ ਤੇ ਰਤੀਆ ਵਿੱਚ ਧਮਕੀਆਂ ਦਿੱਤੀਆਂ ਗਈਆਂ। ਸਾਧਵੀਆਂ ਦੀ ਚਿੱਠੀ ਨੂੰ ਲੀਕ ਕਰਨ, ਡੇਰੇ ਵੱਲੋਂ ਕਈਆਂ ਲੋਕਾਂ ਨਾਲ ਵਧੀਕੀਆਂ ਕਰਨ ਦੀਆਂ ਖ਼ਬਰਾਂ ਨੂੰ ਵੀ ਛੱਤਰਪੀਤ ਨੇ ਛਾਪਿਆ। ਸਾਧਵੀਆਂ ਨਾਲ ਬਲਾਤਕਾਰ ਕਰਨ ਦੀ ਖ਼ਬਰ ਨੇ ਡੇਰੇ ਨੂੰ ਹਿਲਾ ਦਿੱਤਾ ਸੀ ਤੇ ਛੱਤਰਪਤੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਸ ਸਮੇਂ ਦੇ ਡੇਰੇ ਦੇ ਮੈਨੇਜਰ ਕ੍ਰਿਸ਼ਨ ਲਾਲ ਨੇ ਵੀ ਛੱਤਰਪਤੀ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਸਨ। ਛੱਤਰਪਤੀ ਨੇ ਡੇਰੇ ਵਿਰੁੱਧ ਆਪਣਾ ਰੁਖ਼ ਨਰਮ ਨਹੀਂ ਕੀਤਾ ਅਤੇ 24 ਅਕਤੂਬਰ 2002 ਦੀ ਸ਼ਾਮ ਨੂੰ ਮੈਨੇਜਰ ਕ੍ਰਿਸ਼ਨ ਲਾਲ ਦੀ ਪਿਸਤੌਲ ਨਾਲ ਡੇਰਾ ਪ੍ਰੇਮੀ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੇ ਛੱਤਰਪਤੀ ਦੇ ਘਰ ਦੇ ਬਾਹਰ ਉਨ੍ਹਾਂ ਨੂੰ ਪੰਜ ਗੋਲ਼ੀਆਂ ਮਾਰ ਦਿੱਤੀਆਂ। ਛੱਤਰਪਤੀ ਨੂੰ ਪਹਿਲਾਂ ਸਿਰਸਾ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਜ਼ਖ਼ਮ ਜ਼ਿਆਦਾ ਹੋਣ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਭੇਜਿਆ ਗਿਆ, ਜਿੱਥੇ 27 ਦਿਨਾਂ ਬਾਅਦ ਉਨ੍ਹਾਂ ਦਮ ਤੋੜ ਦਿੱਤਾ।

ਛੱਤਰਪਤੀ ਦੇ ਪੁੱਤਰ ਅੰਸ਼ੁਲ ਨੇ ਦੱਸਿਆ ਕਿ ਡੇਰਾ ਮੁਖੀ ਦਾ ਖੌਫ ਇੰਨਾ ਸੀ ਕਿ ਸਿਰਸਾ ਹਸਪਤਾਲ ਵਿੱਚ ਉਨ੍ਹਾਂ ਦੇ ਪਿਤਾ ਨੇ ਪੁਲਿਸ ਨੂੰ ਬਿਆਨ ਦਿੱਤੇ ਸਨ ਜਿਸ ਵਿੱਚ ਗੁਰਮੀਤ ਰਾਮ ਰਹੀਮ ਦਾ ਨਾਂ ਸੀ, ਪਰ ਉਨ੍ਹਾਂ ਨਾਂ ਪਾਇਆ ਹੀ ਨਹੀਂ ਸੀ। ਇਸ ਮਗਰੋਂ ਉਨ੍ਹਾਂ ਸੀਬੀਆਈ ਕੋਰਟ ਵਿੱਚ ਅਪੀਲ ਦਾਇਰ ਕੀਤੀ, ਜਿਸ ਦਾ ਨਤੀਜਾ 17 ਸਾਲ ਬਾਅਦ ਆਇਆ ਤੇ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹੁਣ ਰਾਮ ਰਹੀਮ ਦਾ ਜੇਲ੍ਹ ਵਿੱਚੋਂ ਬਾਹਰ ਆਉਣਾ ਨਾਮੁਮਕਿਨ ਜਾਪਦਾ ਹੈ।