Menu

ਉੱਤਰ ਕੋਰੀਆ ‘ਤੇ ਹਮਲੇ ਲਈ ਤਿਆਰ ਅਮਰੀਕਾ, ਪ੍ਰਮਾਣੂ ਹਥਿਆਰਾਂ ਨਾਲ ਨਜਿੱਠਣ ਲਈ ਬਣਾਇਆ ਪਲਾਨ

ਵਾਸ਼ਿੰਗਟਨ— ਅਜਿਹਾ ਲੱਗ ਰਿਹਾ ਹੈ ਕਿ ਅਮਰੀਕਾ ਨੇ ਉੱਤਰ ਕੋਰੀਆ ‘ਤੇ ਹਮਲਾ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ ਤੇ ਇਸੇ ਦੌਰਾਨ ਉਸ ਨੇ ਪ੍ਰਮਾਣੂ ਹਥਿਆਰਾਂ ਨੂੰ ਆਪਣੇ ਸੁਰੱਖਿਅਤ ਹੱਥਾਂ ‘ਚ ਲੈਣ ਲਈ ਖਾਸ ਪਲਾਨ ਬਣਾ ਲਿਆ ਹੈ। ਅਮਰੀਕਾ ਨੇ ਹਾਲ ਹੀ ‘ਚ ਉਨ੍ਹਾਂ ਹਾਲਾਤਾਂ ਦੀ ਸਮੀਖਿਆ ਕੀਤੀ ਹੈ ਕਿ ਉੱਤਰ ਕੋਰੀਆ ‘ਤੇ ਜ਼ਮੀਨੀ ਹਮਲਾ ਕਰਕੇ ਕਿਵੇਂ ਪ੍ਰਮਾਣੂ ਹਥਿਆਰਾਂ ‘ਤੇ ਕਬਜ਼ਾ ਕੀਤਾ ਜਾ ਸਕਦਾ ਹੈ। ਸ਼ਨੀਵਾਰ ਨੂੰ ਇਕ ਨਿਊਜ਼ ਚੈਨੇਲ ਨੇ ਇਕ ਖਬਰ ਪ੍ਰਕਾਸ਼ਿਤ ਕੀਤੀ ਹੈ।
ਖਬਰ ਮੁਤਾਬਕ ਅਮਰੀਕਾ ਨੂੰ ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਜੰਗ ਦੌਰਾਨ ਪਿਓਂਗਯਾਂਗ ਬਾਇਓਲਾਜੀਕਲ ਤੇ ਕੈਮੀਕਲ ਹਥਿਆਰਾਂ ਦੀ ਵੀ ਵਰਤੋਂ ਕਰ ਸਕਦਾ ਹੈ। ਇਹ ਖਬਰ ਅਜਿਹੇ ਵੇਲੇ ‘ਚ ਆਈ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਏਸ਼ੀਆ ਦੇ ਦੌਰੇ ‘ਤੇ ਹਨ ਤੇ ਉਨ੍ਹਾਂ ਦੇ ਏਜੰਡੇ ‘ਚ ਨਾਰਥ ਕੋਰੀਆ ਟੌਪ ‘ਤੇ ਹੈ।
ਰਿਪੋਰਟ ਮੁਤਾਬਕ ਸੰਸਦ ਮੈਂਬਰਾਂ ਨੂੰ ਭੇਜੇ ਗਏ ਪੱਤਰ ‘ਚ ਪੈਂਟਾਗਨ ਨੇ ਨਾਰਥ ਕੋਰੀਆ ਦੇ ਹਮਲੇ ਦਾ ਜਵਾਬ ਦੇਣ ਦੀਆਂ ਤਿਆਰੀਆਂ ਦਾ ਪੂਰਾ ਜ਼ਿਕਰ ਕੀਤਾ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜੇਕਰ ਪਿਓਂਯਾਂਗ ਨੇ ਹਮਲਾ ਕੀਤਾ ਤਾਂ ਅਮਰੀਕਾ ਦਾ ਅਗਲਾ ਕਦਮ ਕੀ ਹੋਵੇਗਾ।
ਸਪੱਸ਼ਟ ਹੈ ਕਿ ਅਮਰੀਕਾ ਨੇ ਨਾਰਥ ਕੋਰੀਆ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੈਂਟਾਗਨ ਦੇ ਜੁਆਇੰਟ ਸਟਾਫ ਦੇ ਉਪ ਨਿਰਦੇਸ਼ਕ ਰਿਅਰ ਐਡਮਿਰਲ ਮਾਈਕਲ ਜੇ. ਡਿਊਮਾਟ ਨੇ ਇਹ ਪੱਤਰ ਲਿਖਿਆ ਹੈ। ਇਸ ‘ਚ ਦੋਵਾਂ ਸਦਨਾਂ ਦੇ ਕਈ ਸੰਸਦ ਮੈਂਬਰਾਂ ਨੇ ਨਾਰਥ ਕੋਰੀਆ ਨਾਲ ਜੰਗ ਦੇ ਸਮੇਂ ਸੰਭਾਵਿਤ ਕੈਜ਼ੁਅਲਟੀ ਦੀ ਸਮੀਖਿਆ ਦੀ ਜਾਣਕਾਰੀ ਮੰਗੀ ਹੈ।