India News

ਐੱਨ. ਜੀ. ਟੀ. ‘ਚ ਹੋਈ ਬਿਆਸ ਦਰਿਆ ਦੇ ਜ਼ਹਿਰੀਲੇ ਪਾਣੀ ‘ਤੇ ਸੁਣਵਾਈ, ਲਿਆ ਅਹਿਮ ਫੈਸਲਾ

ਚੰਡੀਗੜ੍ਹ/ਨਵੀਂ ਦਿੱਲੀ— ਬਿਆਸ ਦਰਿਆ ਦੇ ਜ਼ਹਿਰੀਲੇ ਪਾਣੀ ਦੇ ਮੁੱਦੇ ‘ਤੇ ਅੱਜ ਐੱਨ. ਜੀ. ਟੀ. ‘ਚ ਸੁਣਵਾਈ ਕੀਤੀ ਗਈ। ਇਸ ਦੌਰਾਨ ‘ਆਪ’ ਦੇ ਵਫਦ ਦੇ ਨਾਲ ਸੁਖਪਾਲ ਖਹਿਰਾ, ਐੱਚ. ਐੱਸ. ਫੂਲਕਾ ਸਮੇਤ ਕਈ ਸਰਕਾਰੀ ਵਕੀਲ ਮੌਜੂਦ ਸਨ। ਐੱਨ. ਜੀ. ਟੀ. ਵੱਲੋਂ ਇਸ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਸਪੈਸ਼ਲ ਰਿਪੋਰਟ ਬਣਾਉਣ ਦੇ ਨਿਰਦੇਸ਼ ਦੇਣ ਦੇ ਨਾਲ ਚੱਢਾ ਸ਼ੂਗਰ ਅਤੇ ਰਾਣਾ ਸ਼ੂਗਰ ਮਿਲ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਜਲੰਧਰ, ਲੁਧਿਆਣਾ ਨਗਰ ਨਿਗਮ ਸਮੇਤ ਪੰਜਾਬ ਸਰਕਾਰ, ਪੰਜਾਬ ਪ੍ਰਦੂਸ਼ਣ ਬੋਰਡ, ਰਾਜਸਥਾਨ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ 6 ਹਫਤਿਆਂ ‘ਚ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਐੱਨ. ਜੀ. ਟੀ. ਨੇ ਕਿਹਾ ਕਿ ਰਿਪੋਰਟ ਤਿਆਰ ਕਰਨ ਲਈ ਪਾਣੀ ਦੇ ਤਿੰਨ-ਤਿੰਨ ਸੈਂਪਲ ਲਏ ਜਾਣ ਅਤੇ ਫਿਰ ਇਸ ਦੀ ਸਪੈਸ਼ਲ ਰਿਪੋਰਟ ਤਿਆਰ ਕੀਤੀ ਜਾਵੇ। ਪੰਜਾਬ ਅਤੇ ਕੇਂਦਰ ਸਰਕਾਰ ਦਾ ਪ੍ਰਦੂਸ਼ਣ ਬੋਰਡ ਇਕੱਠੇ ਹੋ ਕੇ ਸੈਂਪਲ ਲੈਣਗੇ ਅਤੇ ਟੈਸਟ ਕਰਨ ਤੋਂ ਬਾਅਦ ਇਸ ਦੀ ਰਿਪਰੋਟ ਐੱਨ. ਜੀ. ਟੀ. ਨੂੰ ਸੌਂਪੀ ਜਾਵੇਗੀ। ਇਸ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਵੇਗੀ।
ਇਸ ਮੌਕੇ ਸੁਖਪਾਲ ਖਹਿਰਾ ਨੇ ਬੋਲਦੇ ਹੋਏ ਕਿਹਾ ਕਿ ਅੱਜ ਇਸ ਮੁੱਦੇ ਨੂੰ ਸਰਕਾਰੀ ਵਕੀਲਾਂ ਨੇ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਨੂੰ ਸਖਤੀ ਨਾਲ ਨਜਿੱਠਣ ਅਤੇ ਪੰਜਾਬ ‘ਚੋਂ ਕੈਂਸਰ ਬਚਾਉਣ ਦੀ ਥਾਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਕਹਿ ਕੇ ਕੁਚਲਣ ਦੀ ਗੱਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬਿਆਸ ਦਰਿਆ ‘ਚ ਜ਼ਹਿਰੀਲਾ ਪਾਣੀ ਆਉਣ ਕਰਕੇ ਲੱਖਾਂ ਮੱਛੀਆਂ ਦੀ ਮੌਤ ਹੋ ਗਈ ਸੀ।