World

ਕਰਤਾਰਪੁਰ ਸਾਹਿਬ ਵਾਲੀ ਜ਼ਮੀਨ ਪੰਜਾਬ ਨਾਲ ਵਟਾਉਣ ਨੂੰ ਪਾਕਿਸਤਾਨ ਨਹੀਂ ਤਿਆਰ

ਇਸਲਾਮਾਬਾਦ: ਕਰਤਾਰਪੁਰ ਸਾਹਿਬ ਬਦਲੇ ਭਾਰਤ ਨਾਲ ਜ਼ਮੀਨ ਵਟਾਉਣ ਦੀ ਪੇਸ਼ਕਸ਼ ਨੂੰ ਪਾਕਿਸਤਾਨ ਨੇ ਠੁਕਰਾ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਵੀਰਵਾਰ ਨੂੰ ਇਸਲਾਮਾਬਾਦ ਵਿੱਚ ਕਿਹਾ ਕਿ ਜ਼ਮੀਨ ਦੀ ਅਦਲਾ-ਬਦਲੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।

ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨੇ ਮਨੁੱਖਤਾ ਦੇ ਆਧਾਰ ‘ਤੇ ਹੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਹੈ। ਇਸ ਲਈ ਜ਼ਮੀਨ ਦੇ ਕਿਸੇ ਵੀ ਹਿੱਸੇ ਦੀ ਅਦਲਾ-ਬਦਲੀ ਨਹੀਂ ਹੋਵੇਗੀ। ਹਾਲਾਂਕਿ, ਭਾਰਤ ਵੱਲੋਂ ਮੁੰਬਈ ਵਿਚਲੀ ਪਾਕਿਸਤਾਨੀ ਜਾਇਦਾਦ ਜਿਨਾਹ ਹਾਊਸ ਨੂੰ ਭਾਰਤ ਵੱਲੋਂ ਆਪਣੇ ਅਧਿਕਾਰ ਹੇਠ ਲੈਣ ਦੇ ਸਵਾਲ ‘ਤੇ ਉਨ੍ਹਾਂ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ।ਬੁਲਾਰੇ ਨੇ ਕਿਹਾ ਕਿ ਭਾਰਤ ਦਾ ਕੰਟਰੋਲ ਸਵੀਕਾਰਿਆ ਨਹੀਂ ਜਾਵੇਗਾ ਕਿਉਂਕਿ ਉਹ ਮੰਨ ਚੁੱਕਿਆ ਹੈ ਕਿ ਜਿਨਾਹ ਹਾਊਸ ਪਾਕਿਸਤਾਨ ਦਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਆਪੋ-ਆਪਣੇ ਹਿੱਸੇ ਵਿੱਚ ਵਿਸ਼ੇਸ਼ ਗਲਿਆਰੇ ਦੀ ਉਸਾਰੀ ਕਰ ਰਹੇ ਹਨ ਤਾਂ ਜੋ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਨੂੰ ਬਗ਼ੈਰ ਵੀਜ਼ਾ ਦੇ ਮੁਮਕਿਨ ਬਣਾਇਆ ਜਾ ਸਕੇ। ਪਰ ਪੰਜਾਬ ਸਰਕਾਰ ਨੇ ਪਾਕਿਸਤਾਨ ਕੋਲ ਜ਼ਮੀਨ ਦੀ ਅਦਲਾ ਬਦਲੀ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਹੁਣ ਪਾਕਿਸਤਾਨ ਨੇ ਰੱਦ ਕਰ ਦਿੱਤਾ ਹੈ।