India News

ਕਰੋਨਾ ਸੰਕਟ ਨਾਲ ਨਜਿੱਠਣ ’ਚ ਮੋਦੀ ਸਰਕਾਰ ਫੇਲ੍ਹ: ਸਰਵੇਖਣ

ਨਵੀਂ ਦਿੱਲੀ, 29 ਮਈ

ਨਰਿੰਦਰ ਮੋਦੀ ਸਰਕਾਰ ਦੀ ਸੱਤ ਸਾਲਾਂ ਵਿਚ ਪਹਿਲੀ ਵਾਰ ਰੇਟਿੰਗ ਵੱਡੇ ਪੱਧਰ ’ਤੇ ਡਿੱਗੀ ਹੈ। ਏਬੀਪੀ-ਸੀ ਵੋਟਰ ਮੋਦੀ 2.0 ਰਿਪੋਰਟ ਕਾਰਡ ਅਨੁਸਾਰ ਵੋਟਰਾਂ ਨੇ ਜੰਮੂ ਕਸ਼ਮੀਰ ਵਿਚੋਂ ਧਾਰਾ 370 ਰੱਦ ਕਰਨ ਨੂੰ ਮੋਦੀ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ ਸੀ ਜਦਕਿ ਕਰੋਨਾ ਸੰਕਟ ਦਾ ਸਹੀ ਹੱਲ ਨਾ ਕਰਨ ’ਤੇ ਮੋਦੀ ਸਰਕਾਰ ਨੂੰ ਫੇਲ੍ਹ ਗਰਦਾਨਿਆ ਹੈ। ਇਹ ਸਰਵੇਖਣ 543 ਲੋਕ ਸਭਾ ਹਲਕਿਆਂ ਵਿੱਚ 1.39 ਲੱਖ ਲੋਕਾਂ ’ਤੇ ਕੀਤਾ ਗਿਆ। ਇਸ ਸਰਵੇਖਣ ਪਹਿਲੀ ਜਨਵਰੀ ਤੋਂ 28 ਮਈ ਦਰਮਿਆਨ ਕੀਤਾ ਗਿਆ। ਇਸ ਵਿਚ ਇਹ ਵੀ ਦਰਸਾਇਆ ਗਿਆ ਕਿ ਕਈ ਮੁੱਦਿਆਂ ’ਤੇ ਵੋਟਰ ਮੋਦੀ ਸਰਕਾਰ ਤੋਂ ਨਿਰਾਸ਼ ਹਨ। ਇਨ੍ਹਾਂ ਹਲਕਿਆਂ ਦੇ 41.1 ਫੀਸਦੀ ਲੋਕਾਂ ਨੇ ਮੋਦੀ ਸਰਕਾਰ ਨੂੰ ਕਰੋਨਾ ਮਾਮਲੇ ਵਿਚ ਫੇਲ੍ਹ ਸਰਕਾਰ ਦੱਸਿਆ ਹੈ। ਇਸ ਸਰਕਾਰ ਪ੍ਰਤੀ ਨਿਰਾਸ਼ਤਾ ਦਾ ਦੂਜਾ ਵੱਡਾ ਕਾਰਨ ਕੇਂਦਰੀ ਖੇਤੀ ਕਾਨੂੰਨ ਹਨ ਜਿਸ ਕਾਰਨ ਕਿਸਾਨ ਤੇ ਹੋਰ ਲੋਕ ਕੇਂਦਰ ਸਰਕਾਰ ਖਿਲਾਫ ਹੋਏ ਹਨ। ਇਸ ਮੁੱਦੇ ’ਤੇ 23.1 ਫੀਸਦੀ ਲੋਕਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। 52.3 ਫੀਸਦੀ ਨੇ ਕਿਹਾ ਹੈ ਕਿ ਲੌਕਡਾਊਨ ਦੌਰਾਨ ਆਮ ਲੋਕਾਂ ਤਕ ਸਰਕਾਰੀ ਮਦਦ ਨਹੀਂ ਪੁੱਜੀ। ਇਸ ਤੋਂ ਇਲਾਵਾ ਕਰੋਨਾ ਦੀ ਦੂਜੀ ਲਹਿਰ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਦੀ ਚੋਣ ਮੁਹਿੰਮ ਨੂੰ ਵੀ ਲੋਕਾਂ ਨੇ ਗਲਤ ਦੱਸਿਆ ਹੈ।