Punjab News

ਕਾਂਗਰਸ ’ਚ ‘ਸਭ ਅੱਛਾ’: ਨਾ ਦਿਲ ਮਿਲੇ, ਨਾ ਮਿਲੇ ਹੱਥ

ਚੰਡੀਗੜ੍ਹ

 

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਰਮਿਆਨ ਅੱਜ ਦਿਲਾਂ ਦੀ ਦੂਰੀ ਬਣੀ ਰਹੀ ਜਦੋਂਕਿ ਬਾਹਰੋਂ ਸਿਆਸੀ ਵਿੱਥਾਂ ਮਿੱਟਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਤਾਜਪੋਸ਼ੀ ਸਮਾਗਮ ਅੱਜ ਜਿਥੇ ਕਾਂਗਰਸ ਪਾਰਟੀ ਦੀ ਅੰਦਰਲੀ ਪਾਟੋਧਾੜ ਨੂੰ ਬਾਹਰੋਂ ‘ਸਭ ਅੱਛਾ’ ਹੋਣ ਦਾ ਸੰਕੇਤ ਦੇ ਗਏ, ਉਥੇ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ’ਚ ਅੰਦਰਲੀ ਖਿੱਚੋਤਾਣ ਵੀ ਢਕੀ ਨਹੀਂ ਰਹਿ ਸਕੀ। ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿਆਸੀ ਸੂਝ ਦਿਖਾਉਂਦੇ ਹੋਏ ਹਾਈਕਮਾਨ ਸਾਹਮਣੇ ਆਪਣਾ ਪੱਲਾ ਬੋਚ ਲਿਆ ਹੈ। ਸਮਾਗਮਾਂ ਨੂੰ ਸਮੁੱਚਤਾ ’ਚ ਦੇਖੀਏ ਤਾਂ ਨਵਜੋਤ ਸਿੱਧੂ ਸਮਾਰੋਹਾਂ ਵਿੱਚ ਤਾਂ ਛਾਏ ਰਹੇ ਪ੍ਰੰਤੂ ਸਿਆਸੀ ਪੈਂਤੜੇ ਤੇ ਨਜ਼ਾਕਤ ਦੇ ਮਾਮਲੇ ’ਚ ਮਾਰ ਖਾ ਗਏ। ਜਦੋਂ ਘਟਨਾਵਾਂ ਨੂੰ ਤਰਤੀਬ ’ਚ ਦੇਖਦੇ ਹਾਂ ਤਾਂ ਚਾਹ ਪਾਰਟੀ ’ਤੇ ਜਦੋਂ ਨਵਜੋਤ ਸਿੱਧੂ ਪੁੱਜੇ ਤਾਂ ਉਨ੍ਹਾਂ ਮੁੱਖ ਮੰਤਰੀ ਨੂੰ ਦੂਰੋਂ ਦੁਆ ਸਲਾਮ ਕੀਤੀ। ਜਦੋਂ ਅਮਰਿੰਦਰ ਨੇ ਕੋਲ ਆਉਣ ਲਈ ਆਖਿਆ ਤਾਂ ਉਹ ਟਲਦੇ ਨਜ਼ਰ ਆਏ। ਜਦੋਂ ਦੂਸਰੇ ਆਗੂਆਂ ਨੇ ਦਬਾਅ ਪਾਇਆ ਤਾਂ ਉਹ ਅਮਰਿੰਦਰ ਦੇ ਕੋਲ ਆ ਕੇ ਬੈਠ ਗਏ। ਮੁੱਖ ਮੰਤਰੀ ਦੇ ਪੈਰੀਂ ਹੱਥ ਲਾਉਣ ਵਾਲੇ ਨਵਜੋਤ ਸਿੱਧੂ ਅੱਜ ਅਮਰਿੰਦਰ ਦੇ ਕੋਲ ਬੈਠਣ ਨੂੰ ਤਿਆਰ ਨਹੀਂ ਜਾਪਦੇ ਸਨ। ਮਤਲਬ ਕਿ ਸਿੱਧੂ ਇਸ ਮੌਕੇ ਸਿਆਸੀ ਵਡੱਪਣ ਨਹੀਂ ਦਿਖਾ ਸਕੇ। ਪੰਜਾਬ ਭਵਨ ’ਚ ਚਾਹ ਪਾਰਟੀ ਦੇ ਚੱਲਦਿਆਂ ਹੀ ਨਵਜੋਤ ਸਿੱਧੂ ਇਕੱਲੇ ਹੀ ਕਾਂਗਰਸ ਭਵਨ ਵੱਲ ਰਵਾਨਾ ਹੋ ਗਏ। ਜਦੋਂ ਸੀਨੀਅਰ ਲੀਡਰਸ਼ਿਪ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸਿੱਧੂ ਵਾਪਸ ਪੰਜਾਬ ਭਵਨ ਬੁਲਾਇਆ। ਸਿਆਸੀ ਹਲਕੇ ਆਖਦੇ ਹਨ ਕਿ ਨਵਜੋਤ ਸਿੱਧੂ ਅੱਜ ਅਮਰਿੰਦਰ ਦੇ ਕੋਲ ਬੈਠਣ ਨੂੰ ਤਿਆਰ ਨਹੀਂ ਸੀ ਜਿਸ ਚੋਂ ਪ੍ਰਧਾਨਗੀ ਦੀ ਹੈਂਕੜ ਦਾ ਮੁਢਲਾ ਪਰਛਾਵਾਂ ਦਿੱਖਿਆ। ਸਿਆਸੀ ਸਟੇਜ ’ਤੇ ਦੋਵੇਂ ਆਗੂ ਇਕੱਠੇ ਬੈਠੇ ਤਾਂ ਨਜ਼ਰ ਆਏ ਪ੍ਰੰਤੂ ਅੱਜ ਉਨ੍ਹਾਂ ਦੇ ਨਾ ਹੱਥ ਮਿਲੇ ਅਤੇ ਨਾ ਹੀ ਦਿਲ। ਇੱਕ ਖੱਬੇ ਵੇਖ ਰਿਹਾ ਸੀ ਤਾਂ ਦੂਸਰਾ ਸੱਜੇ। ਅਮਰਿੰਦਰ ਨੇ ਸਟੇਜ ਤੋਂ ਨਵਜੋਤ ਸਿੱਧੂ ਨਾਲ ਗੱਲਬਾਤ ਕਰਨ ਵਿਚ ਥੋੜ੍ਹੀ ਦਿਲਚਸਪੀ ਦਿਖਾਈ।

 

ਅਮਰਿੰਦਰ ਸਿੰਘ ਨੇ ਆਪਣੇ ਭਾਸ਼ਨ ’ਚ ਵਾਰ ਵਾਰ ਨਵਜੋਤ ਸਿੱਧੂ ਅਤੇ ਉਸ ਦੇ ਪਰਿਵਾਰ ਦੀ ਪ੍ਰਸ਼ੰਸਾ ਕੀਤੀ ਜਦੋਂ ਕਿ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦਾ ਇੱਕ ਵਾਰ ਵੀ ਨਾਮ ਨਹੀਂ ਲਿਆ। ਇੱਥੋਂ ਤੱਕ ਕਿ ਭਾਸ਼ਨ ਦੌਰਾਨ ਸਿੱਧੂ ਨੇ ਸੁੱਖੀ ਰੰਧਾਵਾ, ਸੁਖ ਸਰਕਾਰੀਆ, ਸੁਨੀਲ ਜਾਖੜ ਆਦਿ ਦਾ ਨਾਮ ਤਾਂ ਲਿਆ ਪ੍ਰੰਤੂ ਅਮਰਿੰਦਰ ਸਿੰਘ ਦਾ ਨਾਮ ਜ਼ੁਬਾਨ ’ਤੇ ਨਹੀਂ ਲਿਆਂਦਾ। ਕੋਈ ਸ਼ੱਕ ਨਹੀਂ ਕਿ ਸੈਲੀਬ੍ਰਿਟੀ ਹੋਣ ਕਰਕੇ ਸਿੱਧੂ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਅਤੇ ਉਨ੍ਹਾਂ ਦਾ ਧਮਾਕੇਦਾਰ ਭਾਸ਼ਨ ਲੋਕ ਉਤਸ਼ਾਹ ਨਾਲ ਸੁਣਦੇ ਹਨ ਪਰ ਸਿੱਧੂ ਦਾ ਭਾਸ਼ਨ ਅੱਜ ਨਵੀਂ ਪ੍ਰਧਾਨਗੀ ਦੇ ਕੱਦ ਮੇਚ ਦਾ ਨਹੀਂ ਜਾਪਿਆ। ਅਮਰਿੰਦਰ ਨੇ ਭਾਸ਼ਨ ਵਿੱਚ ਨਵਜੋਤ ਸਿੱਧੂ ਪ੍ਰਤੀ ਅਪਣੱਤ ਦਿਖਾਈ। ਸਿਆਸੀ ਮਾਹਿਰ ਆਖਦੇ ਹਨ ਕਿ ਨਵਜੋਤ ਸਿੱਧੂ ਅੱਜ ਨਵੇਂ ਅਹੁਦੇ ਦੀ ਮਰਿਆਦਾ ਰੱਖਣ ਵਿਚ ਖ਼ਤਾ ਖਾ ਗਿਆ। ਦੂਸਰੀ ਤਰਫ ਅਮਰਿੰਦਰ ਨੇ ਇਨ੍ਹਾਂ ਸਮਾਰੋਹਾਂ ਵਿਚ ਆ ਕੇ ਜਿਥੇ ਹਾਈਕਮਾਨ ਕੋਲ ਆਪਣੀ ਹਾਜ਼ਰੀ ਲਵਾ ਲਈ, ਉਥੇ ਬਹੁਗਿਣਤੀ ਵਿਧਾਇਕਾਂ ਦੇ ਨਵਜੋਤ ਸਿੱਧੂ ਦੇ ਪਾਲੇ ਵਿਚ ਖੜ੍ਹੇ ਹੋਣ ਕਰਕੇ ਅਮਰਿੰਦਰ ਨੇ ਆਪਣੀ ਸਿਆਸੀ ਭੱਲ ਵੀ ਇਸੇ ਸੂਝ ਨਾਲ ਬਚਾ ਲਈ। ਅਮਰਿੰਦਰ ਏਨਾ ਜਾਣਦੇ ਸਨ ਕਿ ਅਗਰ ਉਹ ਸਮਾਗਮਾਂ ’ਚ ਨਾ ਜਾਂਦੇ ਤਾਂ ਹਾਈਕਮਾਨ ਨੇ ਇਸ ਨੂੰ ਅਨੁਸ਼ਾਸਨਹੀਣਤਾ ਮੰਨਣਾ ਸੀ ਜਿਸ ਦਾ ਨਤੀਜਾ ਕੁਝ ਵੀ ਹੋ ਸਕਦਾ ਸੀ। ਸਭ ਜਾਣੂ ਹਨ ਕਿ ਪੰਜਾਬ ਦੀ ਸਾਢੇ ਚਾਰ ਵਰ੍ਹਿਆਂ ਦੀ ਕਾਰਗੁਜ਼ਾਰੀ ’ਤੇ ਵੱਡੇ ਸੁਆਲ ਖੜ੍ਹੇ ਹਨ ਪਰ ਬਤੌਰ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਆਪਣੀ ਪਾਰਟੀ ਨੂੰ ਹੀ ਰਗੜੇ ਲਾਏ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਮਸਲਿਆਂ ਦੇ ਹੱਲ ਲਈ ਕਹਿਣ ਦੀ ਥਾਂ ਆਪਣੀ ਭਾਸ਼ਾ ’ਚ ਹੱਠੀ ਹੋਣ ਦਾ ਪ੍ਰਭਾਵ ਦਿੱਤਾ। ਅੱਜ ਦੇ ਘਟਨਾਕਰਮ ਤੋਂ ਸਿਆਸੀ ਹਲਕਿਆਂ ’ਚ ਚਰਚੇ ਛਿੜੇ ਹਨ ਕਿ ਨਵਜੋਤ ਸਿੱਧੂ ਆਉਂਦੇ ਦਿਨਾਂ ਵਿਚ ਮੁੱਖ ਮੰਤਰੀ ਨਾਲ ਆਪਣੇ ਕਦਮ ਮਿਲਾ ਸਕਣਗੇ ਜਾਂ ਨਹੀਂ।