India News

ਕਾਂਗਰਸ ਨੇ ਪਿਛਲੇ 70 ਸਾਲਾਂ ’ਚ ਕਰਤਾਰਪੁਰ ਸਾਹਿਬ ਲਾਂਘਾ ਕਿਉਂ ਨਹੀਂ ਖੁਲ੍ਹਵਾਇਆ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਨਿੱਚਰਵਾਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਕਾਂਗਰਸ ਪਾਰਟੀ ’ਤੇ ਸਿਆਸੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਹੁਣ ਇਹ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਸ਼ਰਧਾਲੂ ਪਿਛਲੇ 70 ਸਾਲਾਂ ਤੋਂ ਇਸ ਦੇ ਦਰਸ਼ਨ ਦੂਰਬੀਨ ਨਾਲ ਕਰ ਰਹੇ ਸਨ। ਉਨ੍ਹਾਂ ਹਰਿਆਣਾ ਦੇ ਐਲਨਾਬਾਦ ਵਿਖੇ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ।
ਕਰਤਾਰਪੁਰ ਸਾਹਿਬ ਲਾਂਘੇ ਉੱਤੇ ਕਾਂਗਰਸ ਪਾਰਟੀ ਨੂੰ ਘੇਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਗੁਰੂ ਦੇ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਤੇ ਸਾਡੇ ਸਭਨਾਂ ਵਿਚਾਲੇ ਦੀ ਦੂਰੀ ਹੁਣ ਖ਼ਤਮ ਹੋਣ ਵਾਲੀ ਹੈ। ਆਜ਼ਾਦੀ ਦੇ 7 ਦਹਾਕਿਆਂ ਪਿੱਛੋਂ ਇਹ ਮੌਕਾ ਆਇਆ ਹੈ।
70 ਸਾਲ ਬੀਤ ਗਏ। ਇਸ ਤੋਂ ਵੱਡੀ ਮੰਦਭਾਗੀ ਹਾਲਤ ਭਲਾ ਕੀ ਹੋ ਸਕਦੀ ਹੈ ਕਿ ਸਾਡੀ ਆਸਥਾ ਦੇ ਇੱਕ ਵੱਡੇ ਕੇਂਦਰ ਨੂੰ ਸਾਨੂੰ 7 ਦਹਾਕਿਆਂ ਤੱਕ ਦੂਰਬੀਨ ਨਾਲ ਵੇਖਣਾ ਪਿਆ।
ਸ੍ਰੀ ਮੋਦੀ ਨੇ ਕਿਹਾ ਕਿ 1947 ’ਚ ਵੰਡ ਦੀ ਰੇਖਾ ਖਿੱਚਣ ਲਈ ਜਿਹੜੇ ਜ਼ਿੰਮੇਵਾਰ ਸਨ; ਕੀ ਉਨ੍ਹਾਂ ਨੂੰ ਇਹ ਖਿ਼ਆਲ ਨਹੀਂ ਸੀ ਕਿ ਸਿਰਫ਼ 4 ਕਿਲੋਮੀਟਰ ਦੇ ਫ਼ਾਸਲੇ ’ਤੇ ਸ਼ਰਧਾਲੂਆਂ ਨੂੰ ਗੁਰੂ ਤੋਂ ਵੱਖ ਨਹੀਂ ਕੀਤਾ ਜਾਣਾ ਚਾਹੀਦਾ। ਉਸ ਤੋਂ ਬਾਅਦ ਵੀ 70 ਸਾਲਾਂ ’ਚ ਕੀ ਇਹ ਦੂਰੀ ਖ਼ਤਮ ਕਰਨ ਦੇ ਜਤਨ ਕਾਂਗਰਸ ਨੂੰ ਨਹੀਂ ਕਰਨੇ ਚਾਹੀਦੇ ਸਨ?
ਭਾਰਤੀ ਜਨਤਾ ਪਾਰਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਸ ਮਹਾਨ ਛਿਣ, ਇਸ ਇਤਿਹਾਸਕ ਛਿਣ ਤੋਂ ਪੂਰੀ ਦੁਨੀਆ ਨੂੰ ਜਾਣੂ ਕਰਵਾਉਣ ਦੇ ਜਤਨ ਕਰ ਰਹੀ ਹੈ। ਇਹੋ ਕਾਰਨ ਹੈ ਕਿ ਸਮੁੱਚੇ ਵਿਸ਼ਵ ’ਚ ਭਾਰਤ ਸਰਕਾਰ ਇਸ ਪੁਰਬ ਨੂੰ ਮਨਾਉਣ ਵਾਲੀ ਹੈ।
ਸਮੁੱਚੇ ਵਿਸ਼ਵ ਵਿੱਚ ਭਾਰਤ ਸਰਕਾਰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਵਾਲੀ ਹੈ। ਕਪੂਰਥਲਾ ਤੋਂ ਤਰਨ ਤਾਰਨ ਕੋਲ ਗੋਇੰਦਵਾਲ ਸਾਹਿਬ ਤੱਕ ਜਿਹੜਾ ਰਾਸ਼ਟਰੀ ਰਾਜਮਾਰਗ ਬਣਿਆ ਹੈ, ਉਸ ਨੂੰ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਨਾਲ ਜਾਣਿਆ ਜਾਵੇਗਾ।
ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਤੇ ਉਸ ਦੇ ਸਭਿਆਚਾਰ ਨਾਲ ਜੁੜੀਆਂ ਪਾਰਟੀਆਂ ਨੇ ਭਾਰਤੀਆਂ ਦੀ ਆਸਥਾ, ਰਵਾਇਤ ਤੇ ਸਭਿਆਚਾਰ ਨੂੰ ਕਦੇ ਵੀ ਮਾਣ ਨਹੀਂ ਬਖ਼ਸ਼ਿਆ। ਕਾਂਗਰਸ ਦੀ ਜੋ ਪਹੁੰਚ ਸਾਡੇ ਪਵਿੱਤਰ ਸਥਾਨਾਂ ਲਈ ਰਹੀ, ਉਹ ਪਹੁੰਚ ਜੰਮੂ–ਕਸ਼ਮੀਰ ਪ੍ਰਤੀ ਵੀ ਰਹੀ। 70 ਸਾਲਾਂ ਤੱਕ ਉਹ ਸਮੱਸਿਆਵਾਂ ਉਲਝਾਉਂਦੇ ਹੀ ਰਹੇ। ਕਿਸੇ ਸਮੱਸਿਆ ਦੇ ਹੱਲ ਲਈ ਈਮਾਨਦਾਰ ਕੋਸ਼ਿਸ਼ ਨਹੀਂ ਕੀਤੀ।