World

ਕਾਬੁਲ ’ਚ ਅੱਤਵਾਦੀ ਹਮਲਾ, 43 ਲੋਕਾਂ ਦੀ ਮੌਤ

ਕਾਬੁਲ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਚ ਇੱਕ ਸਰਕਾਰੀ ਇਮਾਰਤ ਚ ਇੱਕ ਅੱਤਵਾਦੀ ਹਮਲਾਵਰ ਅਤੇ ਅਸਾਲਟ ਰਾਈਫਲਾਂ ਅਤੇ ਧਮਾਕਾ ਸਮੱਗਰੀ ਨਾਲ ਲੈਸ ਹਮਲਾਵਰਾਂ ਦੇ ਆਤਮਘਾਤੀ ਹਮਲੇ ਚ ਘੱਟੋ ਘੱਟ 43 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਜ਼ਖ਼ਮੀ ਹੋ ਗਏ। 8 ਘੰਟਿਆਂ ਤਕ ਚਲੇ ਮੁਕਾਬਲੇ ਮਗਰੋਂ ਸਾਰੇ 3 ਅੱਤਵਾਦੀ ਮਾਰੇ ਗਏ। ਜਾਣਕਾਰੀ ਮੁਤਾਬਕ ਇਹ ਹਮਲਾ ਕਾਬੁਲ ਚ ਇਸ ਸਾਲ ਦਾ ਹੋਇਆ ਹੁਣ ਤਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਹਾਲੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜਿ਼ੰਮੇਵਾਰੀ ਨਹੀਂ ਲਈ ਹੈ।
ਗ੍ਰਹਿ ਮੰਤਰਾਲਾ ਦੇ ਬੁਲਾਰੇ ਨਜੀਬ ਦਾਨਿਸ਼ ਨੇ ਦੱਸਿਆ ਕਿ ਪੁਲਿਸ ਇਮਾਰਤ ਦੀ ਤਲਾਸ਼ੀ ਲੈ ਰਹੀ ਹੈ ਤੇ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।
ਦਾਨਿਸ਼ ਮੁਤਾਬਕ ਇੱਕ ਅੱਤਵਾਦੀ ਨੇ ਵੱਡੀ ਇਮਾਰਤ ਸਾਹਮਣੇ ਧਮਾਕਾ ਸਮੱਗਰੀ ਨਾਲ ਭਰੀ ਆਪਣੀ ਕਾਰ ਨੂੰ ਧਮਾਕਾ ਕਰਕੇ ਉਡਾ ਦਿੱਤਾ। ਜਿਸ ਤੋਂ ਬਾਅਦ ਤਿੰਨ ਬੰਦੂਕਧਾਰੀ ਇਮਾਰਤ ਚ ਘੁੱਸ ਗਏ ਅਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਕੁੱਝ ਕਰਮਚਾਰੀ ਲੁੱਕ ਕੇ ਆਪਣੀ ਜਾਨ ਬਚਾ ਗਏ। ਪੁਲਿਸ ਨੇ ਤੁਰੰਤ ਲਗਭਗ 357 ਲੋਕਾਂ ਨੂੰ ਉੱਥੋਂ ਕੱਢ ਲਿਆ। ਗਵਾਹਾਂ ਨੇ ਘੱਟੋ ਘੱਅ 5 ਧਮਾਕੇ ਸੁਣਨ ਦੀ ਗੱਲ ਦੱਸੀ ਸੀ।
ਦੱਸਣਯੋਗ ਹੈ ਕਿ ਤਾਲਿਬਾਨ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਅੱਤਵਾਦੀ ਹਮੇਸ਼ਾ ਅਜਿਹੀਆਂ ਮੰਦਭਾਗੀ ਘਟਨਾਵਾਂ ਨੂੰ ਨੇਪਰੇ ਚਾੜ੍ਹਦੇ ਰਹੇ ਹਨ।