Menu

ਕੀ ਕਰੂੰ ਮੋਦੀ ਦਾ ਕਮਾਲ, ਜੁਗਾੜੀਆਂ ਨੇ ਲਾ ਲਏ ਜੁਗਾੜ, ਜਾਣੋ ਕਿਵੇਂ-ਕਿਵੇਂ ਟਿਕਾਣੇ ਲਾਇਆ ਪੈਸਾ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਧਨ ਦੇ ਖਾਤਮੇ ਲਈ 500 ਅਤੇ 1000 ਦੇ ਨੋਟ ਬੈਨ ਕਰਨ ਦਾ ਜੋ ਫੈਸਲਾ ਕੀਤਾ ਸੀ, ਉਹ ਬਹੁਤ ਹੀ ਸਹੀ ਸੀ ਅਤੇ ਉਸ ਦਾ ਅਸਰ ਤੁਰੰਤ ਦੇਖਣ ਨੂੰ ਵੀ ਮਿਲਿਆ ਪਰ ਕੁਝ ਲੋਕ ਇੰਨੇਂ ਜੁਗਾੜੂ ਨੇ ਕਿ ਉਨ੍ਹਾਂ ਨੇ ਆਪਣੇ ਪੈਸੇ ਨੂੰ ਮੋਦੀ ਦੇ ਐਲਾਨ ਦੇ ਬਾਵਜੂਦ ਟਿਕਾਣੇ ਲਗਾਉਣ ਦੇ ਰਸਤੇ ਲੱਭ ਲਏ। ਹਾਲਾਂਕਿ ਵੱਡੇ ਪੱਧਰ ‘ਤੇ ਆਪਣੇ ਕੋਲ ਜਮਾਂ ਰੱਖਿਆ ਪੈਸਾ ਟਿਕਾਣੇ ਲਗਾਉਣਾ ਕਿਸੇ ਲਈ ਸੰਭਵ ਨਹੀਂ ਹੋਵੇਗਾ ਪਰ ਇਨ੍ਹਾਂ ਜੁਗਾੜੀਆਂ ਨੇ ਕਾਫੀ ਹੱਦ ਤੱਕ ਆਪਣਾ ਪੈਸਾ ਸਾਂਭ ਲਿਆ। ਕਿਸੇ ਨੇ ਇਸ ਪੈਸੇ ਨੂੰ ਸੋਨੇ ਵਿਚ ਬਦਲ ਲਿਆ ਤਾਂ ਕਿਸੇ ਨੇ ਕੀਮਤੀ ਟਿਕਟਾਂ ਬੁੱਕ ਕਰਵਾ ਲਈਆਂ। ਜਿਨ੍ਹਾਂ ਨੂੰ ਕੋਈ ਰਸਤਾ ਨਹੀਂ ਮਿਲਿਆ, ਉਨ੍ਹਾਂ ਨੇ ਇਸ ਪੈਸੇ ਨੂੰ ਅੱਗ ਜਾਂ ਪਾਣੀ ਦੇ ਹਵਾਲੇ ਕਰ ਦਿੱਤਾ। ਕਈਆਂ ਨੇ ਤਾਂ ਲੋਕਾਂ ਨੂੰ ਅਜਿਹੇ ਆਫਰ ਦਿੱਤੇ, ਜਿਸ ਬਾਰੇ ਜਾਣ ਕੇ ਹਰ ਕੋਈ ਪੁਰਾਣੇ ਨੋਟਾਂ ਨਾਲ ਹੀ ਲਾਭ ਕਮਾਉਣ ਬਾਰੇ ਸੋਚ ਰਿਹਾ ਹੈ। ਜਾਣਦੇ ਹਾਂ ਇਨ੍ਹਾਂ ਜੁਗਾੜਬਾਜ਼ਾਂ ਦੇ ਜੁਗਾੜਾਂ ਬਾਰੇ, ਜਿਨ੍ਹਾਂ ਨੇ ਮੋਦੀ ਦੀ ਸਕੀਮ ਵੀ ਕਾਫੀ ਹੱਦ ਤੱਕ ਫੇਲ੍ਹ ਕਰ ਦਿੱਤੀ—

1. ਬੁੱਕ ਕਰਵਾ ਲਈਆਂ 5-5 ਲੱਖ ਦੀਆਂ ਟਿਕਟਾਂ— ਨੋਟ ਬੈਨ ਤੋਂ ਬਾਅਦ ਲੋਕ ਟਰੇਨਾਂ ਦੀਆਂ ਫਰਸਟ ਕਲਾਸ ਦੀਆਂ ਟਿਕਟਾਂ ਬੁੱਕ ਕਰਵਾ ਰਹੇ ਹਨ ਅਤੇ ਬਾਅਦ ਵਿਚ ਇਨ੍ਹਾਂ ਨੂੰ ਕੈਂਸਲ ਕਰ ਰਹੇ ਹਨ। ਇਸ ਨਾਲ ਉਨ੍ਹਾਂ ਦੇ ਨੋਟ ਐਕਸਚੇਂਜ ਹੋ ਰਹੇ ਹਨ ਅਤੇ ਉਹ ਬੈਂਕ ਦੀਆਂ 4000 ਦੀ ਕਰੰਸੀ ਬਦਲਵਾਉਣ ਦੀ ਲਿਮਟ ਤੋਂ ਉੱਪਰ ਨੋਟ ਬਰਾਮਦ ਕਰ ਰਹੇ ਹਨ। ਰੇਲਵੇ ਵਿਭਾਗ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਕੈਸ਼ ਵਿਚ ਰਿਫੰਡ ਨਹੀਂ ਕੀਤਾ ਜਾਵੇਗਾ ਅਤੇ ਇਹ ਪੈਸਾ ਅਕਾਊਂਟ ਵਿਚ ਭੇਜਿਆ ਜਾਵੇਗਾ। ਲੋਕਾਂ ਨੇ ਇਹ ਸ਼ਰਤ ਵੀ ਮਨਜ਼ੂਰ ਕਰ ਲਈ ਹੈ। ਆਲਮ ਇਹ ਹੈ ਕਿ ਲੋਕਾਂ ਨੇ 5-5 ਲੱਖ ਦੀਆਂ ਤਾਂ ਟਿਕਟਾਂ ਹੀ ਬੁੱਕ ਕਰਵਾ ਲਈਆਂ। ਉਂਝ ਫਰਸਟ ਕਲਾਸ ਦੀਆਂ 2000 ਟਿਕਟਾਂ ਬੁੱਕ ਹੁੰਦੀਆਂ ਹਨ ਪਰ ਹੁਣ ਰੋਜ਼ਾਨਾ 27000 ਟਿਕਟਾਂ ਬੁੱਕ ਹੋ ਰਹੀਆਂ ਹਨ।

2. ਵਿਆਹਾਂ ‘ਤੇ ਦਿਲ ਖੋਲ੍ਹ ਕੇ ਖਰਚਾ, ਇਵੈਂਟ ਕੰਪਨੀਆਂ ਨੂੰ ਦੇ ਰਹੇ ਨੇ ਮਹਿੰਗੇ ਆਫਰ— ਮੁੰਬਈ ਵਿਚ ਵੱਡੇ ਵਿਆਹਾਂ ਦਾ ਇੰਤਜ਼ਾਮ ਕਰਨ ਵਾਲੀ ਇਵੈਂਟ ਮੈਨੇਜਮੈਂਟ ਕੰਪਨੀ ਦੇ ਸੀਨੀਅਰ ਮਾਰਕੀਟਿੰਗ ਐਗਜ਼ੀਕਿਊਟਿਵ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਨੋਟ ਬੈਨ ਕਰਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਵਿਆਹਾਂ ‘ਤੇ 3 ਕਰੋੜ ਰੁਪਏ ਤੱਕ ਦੀ ਰਕਮ ਖਰਚਣ ਨੂੰ ਤਿਆਰ ਹਨ ਪਰ ਸ਼ਰਤ ਇਹ ਹੈ ਕਿ ਉਹ ਭੁਗਤਾਨ 500 ਅਤੇ 1000 ਦੇ ਪੁਰਾਣੇ ਨੋਟਾਂ ਨਾਲ ਹੀ ਕਰਨਗੇ। ਜਿਨ੍ਹਾਂ ਨੂੰ ਇਵੈਂਟ ਕੰਪਨੀ ਆਸਾਨੀ ਨਾਲ ਬਦਲਵਾ ਸਕਦੀ ਹੈ ਅਤੇ ਦੂਜੇ ਪਾਸੇ ਕਲਾਈਂਟ ਦਾ ਕੰਮ ਵੀ ਹੋ ਜਾਵੇਗਾ ਅਤੇ ਇੰਨੀਂ ਵੱਡੀ ਰਕਮ ਸਾਂਭ ਕੇ ਰੱਖਣ ਕਰਕੇ ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਵੀ ਨਹੀਂ ਹੋਵੇਗੀ।

3. ਮਿੰਟਾਂ ‘ਚ ਖਰੀਦ ਲਿਆ ਬੋਰੇ ਭਰ-ਭਰ ਕੇ ਸੋਨਾ— ਨੋਟ ਬੈਨ ਦਾ ਐਲਾਨ ਹੁੰਦੇ ਹੀ ਪੈਸਾ ਸਾਂਭ ਕੇ ਬੈਠੇ ਲੋਕਾਂ ਨੇ ਜੋ ਸਭ ਤੋਂ ਪਹਿਲਾਂ ਕੰਮ ਕੀਤਾ, ਉਹ ਸੀ ਸੋਨਾ ਖਰੀਦਣ ਦਾ। ਇਕ ਅੰਦਾਜ਼ੇ ਮੁਤਾਬਕ ਬੁੱਧਵਾਰ ਨੂੰ ਮੁੰਬਈ ਵਿਚ 75 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਵਿਕਿਆ। ਇਹੀ ਆਲਮ ਪੰਜਾਬ ਅਤੇ ਦੇਸ਼ ਦੇ ਬਾਕੀ ਸੂਬਿਆਂ ਵਿਚ ਰਿਹਾ। ਸੁਨਿਆਰੇ ਪੁਰਾਣੇ ਨੋਟਾਂ ਦੇ ਬਦਲੇ 20 ਤੋਂ 65 ਫੀਸਦੀ ਜ਼ਿਆਦਾ ਕੀਮਤ ‘ਤੇ ਸੋਨਾ ਵੇਚ ਰਹੇ ਹਨ। ਹਾਲਾਂਕਿ ਹੁਣ ਇਨ੍ਹਾਂ ਸੁਨਿਆਰਿਆਂ ‘ਤੇ ਕਾਰਵਾਈ ਹੋ ਸਕਦੀ ਹੈ। ਐਕਸਾਈਜ਼ ਡਿਪਾਰਟਮੈਂਟ ਨੇ 25 ਸ਼ਹਿਰਾਂ ਦੇ 600 ਸੁਨਿਆਰਿਆਂ ਤੋਂ ਜਵਾਬ ਮੰਗਿਆ ਹੈ ਅਤੇ 7 ਨਵੰਬਰ ਤੋਂ ਬਾਅਦ 4 ਦਿਨਾਂ ਦੇ ਅੰਦਰ ਵੇਚੇ ਗਏ ਸੋਨੇ ਦੀ ਡਿਟੇਲ ਮੰਗੀ ਹੈ।

4. ਨੌਕਰਾਂ ‘ਤੇ ਖਾਤਿਆਂ ਵਿਚ ਪੁਆ ਦਿੱਤੇ ਪੈਸੇ— ਕੁਝ ਲੋਕਾਂ ਨੇ ਆਪਣੀ ਅਣਐਲਾਨੀ ਰਕਮ ਨੂੰ ਆਪਣੇ ਨੌਕਰਾਂ ਅਤੇ ਵਰਕਰਾਂ ਦੇ ਬੈਂਕ ਖਾਤਿਆਂ ਵਿਚ ਪੁਆ ਦਿੱਤਾ ਅਤੇ ਇਸ ਬਦਲੇ ਨਾਲ ਉਨ੍ਹਾਂ ਨਾਲ ਡੀਲ ਕਰ ਲਈ।

5. ਸਮੇਂ ਤੋਂ ਪਹਿਲਾਂ ਵੰਡ ਦਿੱਤੀਆਂ ਤਨਖਾਹਾਂ— ਕਈ-ਕਈ ਕੰਪਨੀਆਂ ਨੇ ਤਾਂ ਸਮੇਂ ਤੋਂ ਪਹਿਲਾਂ ਆਪਣੇ ਵਰਕਰਾਂ ਨੂੰ ਤਨਖਾਹਾਂ ਵੰਡ ਦਿੱਤੀਆਂ, ਉਹ ਵੀ ਕੈਸ਼ ਵਿਚ। ਕਈਆਂ ਨੇ ਆਪਣੇ ਵਰਕਰਾਂ ਨੂੰ ਦੋ-ਦੋ, ਤਿੰਨ-ਤਿੰਨ ਮਹੀਨਿਆਂ ਦੀਆਂ ਤਨਖਾਹਾਂ ਵੰਡ ਦਿੱਤੀਆਂ।

6. ਯੂਟੀਲਿਟੀ ਬਿੱਲ ਦੇ ਕੇ ਕਾਲਾ ਧਨ ਹੋ ਰਿਹੈ ਚਿੱਟਾ— ਸਰਕਾਰ ਨੇ ਐਲਾਨ ਕੀਤਾ ਹੈ ਕਿ ਲੋਕ 14 ਨਵੰਬਰ ਤੱਕ 500-1000 ਦੇ ਪੁਰਾਣੇ ਨੋਟਾਂ ਨਾਲ ਯੂਟੀਲਿਟੀ ਬਿੱਲਾਂ ਦਾ ਭੁਗਤਾਨ ਕਰ ਸਕਦੇ ਹਨ। ਫਿਰ ਕੀ ਸੀ। ਲੋਕ ਆਪਣੇ ਕਈ-ਕਈ ਮਹੀਨਿਆਂ ਤੋਂ ਬਕਾਇਆ ਪਏ ਬਿੱਲਾਂ ਦਾ ਭੁਗਤਾਨ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਫਿਰੋਜਾਬਾਦ ਵਿਚ ਨਗਰ ਨਿਗਮ ਅਤੇ ਦੂਜੇ ਸਰਕਾਰੀ ਦਫਤਰਾਂ ਵਿਚ ਬਿੱਲ ਭਰਨ ਲਈ ਲੋਕਾਂ ਨੇ ਲੰਬੀਆਂ ਲਾਈਆਂ ਵਿਚ ਖੜ੍ਹੇ ਹੋ ਗਏ ਇੰਤਜ਼ਾਰ ਕੀਤਾ।

ਇੱਥੇ ਕਹਿਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਲਾਨ ਤਾਂ ਬਹੁਤ ਵਧੀਆ ਸੀ ਅਤੇ ਇਸ ਨਾਲ ਲੋਕਾਂ ਦਾ ਕਾਲਾ ਧਨ ਵੱਡੀ ਮਾਤਰਾ ਵਿਚ ਬਾਹਰ ਨਿਕਲੇਗਾ ਅਤੇ ਜੇ ਬਾਹਰ ਨਹੀਂ ਨਿਕਲੇਗਾ ਤਾਂ ਰੱਦੀ ਹੋ ਜਾਵੇਗਾ ਪਰ ਇਸ ਦੇ ਨਾਲ ਹੀ ਇਹ ਕਹਿਣਾ ਵੀ ਬਣਦਾ ਹੈ ਕਿ ਇਹ ਜੁਗਾੜੂ ਆਪਣੇ ਅਣਐਲਾਨੇ ਪੈਸੇ ਨੂੰ ਕਿਸੇ ਹੱਦ ਤੱਕ ਬਚਾ ਹੀ ਲੈਣਗੇ।