World

ਕੈਨੇਡਾ : ਅਲਬਰਟਾ ‘ਚ ਪਹਿਲੀ ਵਾਰ ‘ਸਿੱਖ ਇਤਿਹਾਸ’ ‘ਤੇ ਬਣੇਗੀ ਡਾਕੂਮੈਂਟਰੀ

ਅਲਬਰਟਾ— ਕੈਨੇਡਾ ‘ਚ ਰਹਿ ਰਹੇ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ‘ਤੇ ਡਾਕੂਮੈਂਟਰੀ ਬਣਨ ਜਾ ਰਹੀ ਹੈ। ਕੈਲਗਰੀ ਦੇ ਪ੍ਰੋਫੈਸਰ ਮਿਸ਼ੇਲ ਹਾਵਲੇ ਨੇ ਦੱਸਿਆ ਕਿ ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਅਲਬਰਟਾ ਦੇ ਵਜੂਦ ਨੂੰ ਬਣਾਉਣ ‘ਚ ਸਿੱਖਾਂ ਨੇ ਕਿੰਨਾ ਕੁ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਉਸ ਸਮੇਂ ਦੀ ਗੱਲ ਹੈ ਜਦ ਅਲਬਰਟਾ ਸੂਬਾ ਨਹੀਂ ਸੀ। ਸੰਨ 1900 ਦੀ ਸ਼ੁਰੂਆਤ ‘ਚ ਜਦ ਸਿੱਖ ਭਾਈਚਾਰੇ ਦੇ ਲੋਕ ਕੈਨੇਡਾ ਅਲਬਰਟਾ ‘ਚ ਆਏ ਤਾਂ ਉਨ੍ਹਾਂ ਆਪਣੀ ਅਣਥੱਕ ਮਿਹਨਤ ਕਾਰਨ ਸਭ ਦਾ ਦਿਲ ਜਿੱਤ ਲਿਆ। ਤੁਹਾਨੂੰ ਦੱਸ ਦਈਏ ਕਿ ਸਤੰਬਰ 1905 ‘ਚ ਅਲਬਰਟਾ ਨੂੰ ਸੂਬਾ ਬਣਾਇਆ ਗਿਆ ਸੀ।

‘ਦਿ ਸਾਊਦਰਨ ਅਲਬਰਟਾ ਸਿੱਖ ਹਿਸਟਰੀ ਪ੍ਰੋਜੈਕਟ’ ਰਾਹੀਂ ਅਲਬਰਟਾ ਦਾ ਅਜਿਹਾ ਇਤਿਹਾਸ ਦੱਸਿਆ ਜਾਵੇਗਾ ਜਿਸ ਬਾਰੇ ਬਹੁਤੇ ਲੋਕ ਨਹੀਂ ਜਾਣਦੇ। ਕੈਨੇਡਾ ‘ਚ ਰਹਿ ਰਹੇ ਵਧੇਰੇ ਸਿੱਖ ਕੈਲਗਰੀ ਅਤੇ ਅਲਬਰਟਾ ਨਾਲ ਹੀ ਸਬੰਧਤ ਹਨ। ਮਾਊਂਟ ਰਾਇਲ ਯੂਨੀਵਰਸਿਟੀ ਦੇ ਪ੍ਰੋਫੈਸਰ ਮਿਸ਼ੇਲ ਹਾਵਲੇ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਸਿੱਖਾਂ ਸਬੰਧੀ ਰਿਸਰਚ ਕਰ ਰਹੇ ਹਨ।

ਉਨ੍ਹਾਂ ਨੇ ਜਨਸੰਖਿਆ ਨਾਲ ਜੁੜੇ ਅੰਕੜੇ, ਵੋਟਰ ਲਿਸਟਾਂ, ਡਾਇਰੈਕਟਰੀਜ਼, ਜਨਮ ਰਜਿਸਟ੍ਰੇਸ਼ਨ, ਵਿਆਹ ਤੇ ਮੌਤ ਸਬੰਧੀ ਸਰਟੀਫਿਕੇਟ ਅਤੇ ਤਸਵੀਰਾਂ ਆਦਿ ਵਰਗੇ ਸਾਰੇ ਸਬੂਤ ਇਕੱਠੇ ਕੀਤੇ ਅਤੇ ਇਨ੍ਹਾਂ ਦੇ ਆਧਾਰ ‘ਤੇ ਉਹ ਅਜਿਹਾ ਪ੍ਰੋਜੈਕਟ ਤਿਆਰ ਕਰ ਰਹੇ ਹਨ। ਉਨ੍ਹਾਂ ਵਲੋਂ ਸਾਂਝੀ ਕੀਤੀ ਗਈ ਇਕ ਤਸਵੀਰ ‘ਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਉਸ ਸਮੇਂ ਆਏ ਸਿੱਖਾਂ ਨੇ ਸੱਭਿਆਚਾਰਕ ਕੱਪੜੇ ਪਹਿਨੇ ਹੋਏ ਹਨ ਅਤੇ ਉਨ੍ਹਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਸਨ। ਇਹ ਫਰੈਂਕ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਦ੍ਰਿਸ਼ ਦਿਖਾਈ ਦੇ ਰਿਹਾ ਹੈ।