World

ਕੈਨੇਡਾ : ਐਡਮਿੰਟਨ ‘ਚ ਵਾਪਰਿਆ ਸੜਕ ਹਾਦਸਾ, 2 ਲੋਕਾਂ ਦੀ ਮੌਤ

ਐਡਮਿੰਟਨ (ਏਜੰਸੀ)— ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਚ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਕੈਨੇਡੀਅਨ ਪੁਲਸ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਐੱਸ. ਯੂ. ਵੀ. ਅਤੇ ਇਕ ਹੋਰ ਕਾਰ ਵਿਚਾਲੇ ਉੱਤਰੀ ਐਡਮਿੰਟਨ ‘ਚ ਭਿਆਨਕ ਟੱਕਰ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਤਕਰੀਬਨ 8.00 ਵਜੇ ਹਾਦਸੇ ਦੀ ਸੂਚਨਾ ਮਿਲੀ। ਇਹ ਹਾਦਸਾ ਹਾਈਵੇਅ-37 ਅਤੇ ਹਾਈਵੇਅ-44 ‘ਤੇ ਵਾਪਰਿਆ।

ਪੁਲਸ ਨੇ ਦੱਸਿਆ ਕਿ ਐੱਸ. ਯੂ. ਵੀ. ਕਾਰ ਦੀ ਚੌਰਾਹੇ ‘ਤੇ ਇਕ ਹੋਰ ਕਾਰ ਨਾਲ ਭਿਆਨਕ ਟੱਕਰ ਹੋ ਗਈ। ਬਦਕਿਸਮਤੀ ਨਾਲ ਕਾਰ ‘ਚ ਸਵਾਰ ਵਿਅਕਤੀ ਅਤੇ ਔਰਤ ਦੀ ਘਟਨਾ ਵਾਲੀ ਥਾਂ ‘ਤੇ ਮੌਤ ਹੋ ਗਈ, ਜਦਕਿ ਐੱਸ. ਯੂ. ਵੀ. ਕਾਰ ‘ਚ ਸਵਾਰ ਕਿਸੇ ਵੀ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ। ਪੁਲਸ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ। ਹਾਦਸੇ ਮਗਰੋਂ ਦੋਹਾਂ ਹਾਈਵੇਅ ਨੂੰ ਕਈ ਘੰਟੇ ਬੰਦ ਰੱਖਿਆ ਗਿਆ।