World

ਕੈਨੇਡੀਅਨ ਪੀ. ਐੱਮ. ਟਰੂਡੋ ਨੇ ਭਾਰਤ ਦੌਰੇ ਬਾਰੇ 3 ਮਹੀਨਿਆਂ ਬਾਅਦ ਤੋੜੀ ਚੁੱਪੀ

ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਰਵਰੀ 2018 ਨੂੰ ਪਹਿਲੀ ਵਾਰ ਭਾਰਤ ਦੌਰੇ ‘ਤੇ ਆਏ ਸਨ। ਉਨ੍ਹਾਂ ਦਾ ਇਹ ਦੌਰਾ ਕਾਫੀ ਚਰਚਾ ‘ਚ ਰਿਹਾ ਸੀ। ਉਸ ਦੌਰਾਨ ਕੈਨੇਡਾ ਦੀ ਮੀਡੀਆ ‘ਚ ਅਜਿਹੀਆਂ ਖਬਰਾਂ ਚਰਚਾ ‘ਚ ਰਹੀਆਂ ਕਿ ਜਸਟਿਨ ਟਰੂਡੋ ਨੂੰ ਭਾਰਤ ‘ਚ ਉਸ ਤਰ੍ਹਾਂ ਦਾ ਸਨਮਾਨ ਨਹੀਂ ਮਿਲਿਆ , ਜਿਸ ਤਰ੍ਹਾਂ ਦਾ ਬਾਕੀ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨੂੰ ਦਿੱਤਾ ਜਾਂਦਾ ਹੈ। ਹਾਲਾਂਕਿ ਉਦੋਂ ਜਸਟਿਨ ਟਰੂਡੋ ਵੱਲੋਂ ਭਾਰਤ ਦੌਰੇ ਬਾਰੇ ਕੋਈ ਜਵਾਬ ਨਹੀਂ ਆਇਆ ਅਤੇ ਹੁਣ 3 ਮਹੀਨਿਆਂ ਬਾਅਦ ਟਰੂਡੋ ਨੇ ਇਸ ਦੌਰੇ ਦੇ ਆਪਣੇ ਅਨੁਭਵ ਸਾਂਝੇ ਕੀਤੇ ਹਨ ਅਤੇ ਚੁੱਪੀ ਤੋੜੀ ਹੈ।
ਟਰੂਡੋ ਨੇ ਸਲਾਨਾ ਸੰਸਦ ਪ੍ਰੈੱਸ ਗੈਲਰੀ ਡਿਨਰ ‘ਚ ਆਪਣੀ ਭਾਰਤ ਯਾਤਰਾ ਦਾ ਜ਼ਿਕਰ ਕੀਤਾ। ਭਾਰਤ ਦੀ ਯਾਤਰਾ ਦਾ ਇਕ ਸਲਾਈਡ ਸ਼ੋਅ ਦਿਖਾਉਂਦੇ ਹੋਏ ਉਨ੍ਹਾਂ ਨੇ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਉਹ ਮੁੜ ਅਜਿਹੀ ਯਾਤਰਾ ‘ਤੇ ਨਹੀਂ ਜਾਣਾ ਚਾਹੁਣਗੇ।
ਆਉ ਜਾਣਦੇ ਹਾਂ ਟਰੂਡੋ ਨੇ ਕੀ ਕਿਹਾ—
ਟਰੂਡੋ ਨੇ ਹੱਸਦੇ ਹੋਏ ਕਿਹਾ, ‘ਲੇਡੀਜ਼ ਐਂਡ ਜੈਂਟਲਮੈਨ ਇਹ ਭਾਰਤ ਹੈ। ਇਸ ਯਾਤਰਾ ਨੇ ਸਾਰੀਆਂ ਯਾਤਰਾਵਾਂ ਦੀ ਸੰਭਾਵਨਾ ਖਤਮ ਕਰ ਦਿੱਤੀ।” ਟਰੂਡੋ ਨੇ ਮਜ਼ਾਕ ਵਿਚ ਕਿਹਾ, ਇਸ ਲਈ ਮੈਂ ਆਪਣੀ ਟੀਮ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਹੁਣ ਕਿਤੇ ਨਹੀਂ ਜਾ ਰਿਹਾ।” ਟਰੂਡੋ ਨੇ ਇਸ ਦੌਰਾਨ ਆਪਣੇ ਛੋਟੇ ਬੇਟੇ ਹੈਡਰਿਨ ਦੀਆਂ ਕੁਝ ਤਸਵੀਰਾਂ ਵੀ ਦਿਖਾਈਆਂ, ਇਹ ਤਸਵੀਰਾਂ ਰਾਜਘਾਟ ਦੀਆਂ ਹਨ, ਜਿਸ ਵਿਚ ਉਹ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਹੱਥ ਜੋੜ ਕੇ ਖੜ੍ਹਾ ਨਜ਼ਰ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਟਰੂਡੋ ਆਪਣੇ ਪਰਿਵਾਰ ਨਾਲ 18 ਫਰਵਰੀ 2018 ਨੂੰ ਇਕ ਹਫਤੇ ਦੇ ਦੌਰੇ ਭਾਰਤ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੀ ਸੈਰ ਕੀਤੀ, ਤਾਜਮਹਲ ਦੇਖਿਆ। ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ। ਇਸ ਤੋਂ ਇਲਾਵਾ ਟਰੂਡੋ ਪਰਿਵਾਰ ਸਮੇਤ ਸਾਬਰਮਤੀ ਆਸ਼ਰਮ ਵੀ ਗਏ। ਅਖੀਰ ਦਿੱਲੀ ‘ਚ ਮੋਦੀ ਨਾਲ ਮੁਲਾਕਾਤ ਕੀਤੀ ਸੀ।