Punjab News

ਕੈਪਟਨ ਦੀ ਰਾਹੁਲ-ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਨਾ ਹੋਣ ’ਤੇ ਬੋਲੇ ਹਰੀਸ਼ ਰਾਵਤ, ਆਖੀ ਵੱਡੀ ਗੱਲ

ਚੰਡੀਗੜ੍ਹ  : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਦੌਰੇ ਦੌਰਾਨ ਰਾਹੁਲ-ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਨਾ ਹੋ ਸਕਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਾਲ ਰਾਹੁਲ-ਪ੍ਰਿਯੰਕਾ ਦੀ ਮੁਲਾਕਾਤ ਹੋਣ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਅਟਕਲਾਂ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਵਿਰ੍ਹਾਮ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਵਿਚ ਇਕ ਗੱਲਬਾਤ ਦੌਰਾਨ ਰਾਵਤ ਨੇ ਕਿਹਾ ਕਿ ਰਾਹੁਲ-ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਏਜੰਡੇ ਵਿਚ ਹੀ ਨਹੀਂ ਸੀ। ਮੁੱਖ ਮੰਤਰੀ ਦਿੱਲੀ ਵਿਚ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਤਹਿਤ ਸਿਰਫ਼ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨ ਆਏ ਸਨ ਅਤੇ ਉਨ੍ਹਾਂ ਨੇ ਕਮੇਟੀ ਦੇ ਸਾਹਮਣੇ ਆਪਣੀ ਗੱਲ ਨੂੰ ਵਿਸਥਾਰਪੂਰਵਕ ਰੱਖਿਆ ਅਤੇ ਚੰਡੀਗੜ੍ਹ ਪਰਤ ਗਏ।

ਅਜਿਹੇ ਵਿਚ ਇਹ ਕਹਿਣਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਰਾਹੁਲ-ਪ੍ਰਿਯੰਕਾ ਗਾਂਧੀ ਦੀ ਮੁਲਾਕਾਤ ਨਹੀਂ ਹੋਈ, ਪੂਰੀ ਤਰ੍ਹਾਂ ਮੁੱਖ ਮੰਤਰੀ ਦੇ ਮਾਣ-ਮਰਿਆਦਾ ਨਾਲ ਬੇਇਨਸਾਫ਼ੀ ਹੋਵੇਗਾ। ਹਰੀਸ਼ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪ੍ਰਤੀ ਕਾਫ਼ੀ ਸਨਮਾਨ ਹੈ ਅਤੇ ਸੋਨੀਆ ਗਾਂਧੀ ਵੀ ਸਮੇਂ-ਸਮੇਂ ’ਤੇ ਉਨ੍ਹਾਂ ਤੋਂ ਸਲਾਹ ਲੈਂਦੇ ਹਨ। ਅਜਿਹਾ ਕਦੇ ਨਹੀਂ ਹੋ ਸਕਦਾ ਹੈ ਕਿ ਮੁੱਖ ਮੰਤਰੀ ਸਮਾਂ ਮੰਗਣ ਅਤੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਾ ਮਿਲੇ।

 

ਰਾਵਤ ਨੇ ਕਿਹਾ ਕਿ ਜਿੱਥੋਂ ਤੱਕ ਗੱਲ ਸਿੱਧੂ ਨਾਲ ਹੋਈ ਮੁਲਾਕਾਤ ਦੀ ਹੈ ਤਾਂ ਇਹ ਆਮ ਜਿਹੀ ਪ੍ਰਕਿਰਿਆ ਹੈ। ਪੰਜਾਬ ਦੇ ਕਈ ਨੇਤਾਵਾਂ ਨੇ ਸਿੱਧੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਪ੍ਰਕਿਰਿਆ ਵਿਚ ਸਿੱਧੂ ਨੇ ਵੀ ਮੁਲਾਕਾਤ ਕੀਤੀ ਹੈ। ਸਿੱਧੂ ਨੇ ਵੀ ਕੁੱਝ ਸੁਝਾਅ ਅਤੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਹੋਣਗੀਆਂ, ਜੋ ਮਸਲੇ ਨੂੰ ਸੁਲਝਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਰਾਵਤ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਪੈਦਾ ਹੋਇਆ ਸੰਕਟ ਹੁਣ ਹੱਲ ਵੱਲ ਵੱਧ ਰਿਹਾ ਹੈ। 10 ਜੁਲਾਈ ਤੱਕ ਪੰਜਾਬ ਕਾਂਗਰਸ ਵਿਚ ਸਭ ਕੁਝ ਠੀਕ ਹੋ ਜਾਵੇਗਾ।