Punjab News

ਕੈਪਟਨ ਨੇ ਸਟਾਰਟਅੱਪ ਖੇਤਰ ਨੂੰ ਮਜ਼ਬੂਤ ਕਰਨ ਲਈ ‘ਇਨੋਵੇਸ਼ਨ ਮਿਸ਼ਨ ਪੰਜਾਬ’ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ –ਉੱਦਮ ਅਤੇ ਉਦਯੋਗਿਕ ਖੇਤਰ ’ਚ ਪੰਜਾਬ ਦੀਆਂ ਅਣਗਿਣਤ ਸੰਭਾਵਨਾਵਾਂ ਦੀ ਚੰਗੀ ਤਰ੍ਹਾਂ ਵਰਤੋਂ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ‘ਇਨੋਵੇਸ਼ਨ ਮਿਸ਼ਨ ਪੰਜਾਬ’ (ਆਈ. ਐੱਮ. ਪੰਜਾਬ) ਦੀ ਸ਼ੁਰੂਆਤ ਕੀਤੀ। ਇਹ ਮਿਸ਼ਨ ਪੀ. ਪੀ. ਪੀ. (ਪਬਲਿਕ ਪ੍ਰਾਈਵੇਟ ਭਾਈਵਾਲੀ) ’ਤੇ ਆਧਾਰਿਤ ਹੋਵੇਗਾ, ਜਿਸ ਨਾਲ ਸੂਬੇ ’ਚ ਦੁਨੀਆ ਭਰ ਤੋਂ ਨਿਵੇਸ਼ਕਾਰਾਂ ਨੂੰ ਆਕਰਸ਼ਿਤ ਕਰਨ ਅਤੇ ਸਟਾਰਟਅੱਪਸ ਖੇਤਰ ਨੂੰ ਹੋਰ ਮਜ਼ਬੂਤ ਕਰਨ ’ਚ ਮਦਦ ਮਿਲੇਗੀ। ਇਸ ਨਾਲ ਸੂਬਾ ਇਸ ਨਿਵੇਕਲੇ ਖੇਤਰ ’ਚ ਚੋਟੀ ਦੇ ਤਿੰਨ ਸੂਬਿਆਂ ’ਚ ਸ਼ੁਮਾਰ ਹੋ ਜਾਵੇਗਾ। ਵਰਚੁਅਲ ਤੌਰ ’ਤੇ ਇਸ ਸਮਾਗਮ ’ਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਿਸ਼ਨ ਰੂਪੀ ਨਿਵੇਕਲੀ ਪਹਿਲ ਨਾਲ ਸੂਬੇ ਦੇ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ ਅਤੇ ਨੌਕਰੀਆਂ ਪੈਦਾ ਹੋਣ ਦੇ ਨਾਲ-ਨਾਲ ਵੱਧ ਤੋਂ ਵੱਧ ਨਿਵੇਸ਼ ਵੀ ਸੂਬੇ ’ਚ ਆਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਮਿਸ਼ਨ ਤਹਿਤ ਬਾਜ਼ਾਰ ਤੱਕ ਪਹੁੰਚ ਬਣਾਉਣ, ਨਿਵੇਸ਼ ਲਈ ਭਾਈਵਾਲ ਤਲਾਸ਼ ਕਰਨ ਅਤੇ ਸਟਾਰਟਅੱਪਸ ਸ਼ੁਰੂ ਕਰਨ ਸਬੰਧੀ ਜਾਣਕਾਰੀ ਦੇਣ ਲਈ ਹੰਭਲੇ ਮਾਰੇ ਜਾਣਗੇ।

 

ਇਸ ਉੱਦਮ ’ਚ ਵਿਦੇਸ਼ਾਂ ’ਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੀ ਹਿੱਸੇਦਾਰ ਬਣਾਇਆ ਜਾਵੇਗਾ ਅਤੇ ਔਰਤਾਂ ’ਚ ਉੱਦਮਤਾ ਦੀ ਭਾਵਨਾ ਨੂੰ ਹੁਲਾਰਾ ਦੇਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਸ ਮੌਕੇ ਇਕ ਵੱਡੇ ਪੱਧਰ ’ਤੇ ‘ਆਈਡੀਆਥੌਨ’ (ਵਿਚਾਰ ਚਰਚਾ) ਕਰਵਾਉਣ ਦਾ ਵੀ ਫ਼ੈਸਲਾ ਕੀਤਾ ਗਿਆ, ਜਿਸ ’ਚ ਸੂਬੇ ਭਰ ਤੋਂ ਵਿਦਿਆਰਥੀ, ਨੌਜਵਾਨ ਕਿੱਤਾ ਮਾਹਿਰ, ਉੱਭਰਦੇ ਉੱਦਮੀ ਹਿੱਸਾ ਲੈਣਗੇ। ਪੰਜਾਬ ਨੂੰ ਭਾਰਤ ਤੇ ਦੁਨੀਆ ਭਰ ’ਚ ਇਕ ਮਜ਼ਬੂਤ ਉਦਯੋਗਿਕ ਤੇ ਉੱਦਮੀ ਸੂਬੇ ਵਜੋਂ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ 450 ਸਟਾਰਟਅੱਪਸ ਅਤੇ 20 ਤੋਂ ਜ਼ਿਆਦਾ ਇਨਕਿਊਬੇਟਰ ਮੌਜੂਦ ਹਨ, ਜਿਨ੍ਹਾਂ ਦੇ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਇਨੋਵੇਸ਼ਨ ਮਿਸ਼ਨ ਪੰਜਾਬ ਵੱਲੋਂ ਇਸ ਨਾਲ ਜੁੜੀਆਂ ਸਾਰੀਆਂ ਧਿਰਾਂ, ਜਿਵੇਂ ਕਿ ਨਿਵੇਸ਼ਕਾਰ, ਅਗਾਂਹਵਧੂ ਕਿਸਾਨ, ਮੀਡੀਆ, ਕਾਰਪੋਰੇਟ ਜਗਤ, ਸਰਕਾਰ ਅਤੇ ਅਕਾਦਮਿਕ ਦੀ ਮਦਦ ਲਈ ਜਾਵੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਨਿਵੇਕਲਾ ਮਿਸ਼ਨ ਸਰਕਾਰੀ ਤੇ ਨਿੱਜੀ ਦੋਵਾਂ ਖੇਤਰਾਂ ਦੀ ਭਾਈਵਾਲੀ ਨਾਲ ਅੱਗੇ ਵਧੇਗਾ ਅਤੇ ਇਸ ਦੇ ਭਾਗੀਦਾਰਾਂ ਵਜੋਂ ਖੇਤੀਬਾੜੀ, ਉਦਯੋਗ ਤੇ ਵਣਜ ਵਿਭਾਗ, ਮੰਡੀ ਬੋਰਡ ਅਤੇ ਸਟਾਰਟਅੱਪ ਪੰਜਾਬ ਵੱਲੋਂ ਪਹਿਲੇ ਤਿੰਨ ਵਰ੍ਹਿਆਂ ਲਈ ਚਾਲੂ ਖਰਚਿਆਂ ਵਜੋਂ ਨਕਦ ਅਤੇ ਹੋਰ ਵਸਤਾਂ ਦੇ ਰੂਪ ’ਚ 30 ਕਰੋੜ ਰੁਪਏ ਤੋਂ ਵੱਧ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ।

 

ਇਸ ਤੋਂ ਇਲਾਵਾ ਕਾਲਕਟ ਭਵਨ ਵਿਖੇ 12000 ਸਕੁਏਅਰ ਫੁੱਟ ਦੀ ਥਾਂ 10 ਵਰ੍ਹਿਆਂ ਲਈ ਬਿਨਾਂ ਕਿਰਾਏ ਤੋਂ ਪੱਟੇ ’ਤੇ ਦੇ ਕੇ ਸੂਬੇ ਵਿਚਲੇ ਸਟਾਰਟਅੱਪਸ ਦੀ ਮਦਦ ਕੀਤੀ ਜਾਵੇਗੀ। ਇਸ ਮਿਸ਼ਨ ਦੇ ਤਿੰਨ ਪੱਖ ਹਨ। ਪਹਿਲਾ ਪੱਖ ਹੈ ਪੌਲੀਨੇਟਰ, ਜਿਸ ’ਚ ਵਰਚੁਅਲ ਇਨਕਿਊਬੇਟਰਾਂ ਦਾ ਇਕ ਨੈੱਟਵਰਕ ਸਥਾਪਿਤ ਕਰ ਕੇ ਬੂਟ ਕੈਂਪ, ਆਈਡੀਆਥੌਨ ਆਦਿ ਕਈ ਸਮਾਗਮ ਕਰਵਾਏ ਜਾਂਦੇ ਹਨ ਤਾਂ ਜੋ ਇਕ ਸਮਰੱਥ ਸਟਾਰਟਅੱਪ ਢਾਂਚਾ ਵਿਕਸਿਤ ਹੋ ਸਕੇ। ਦੂਜਾ ਪੱਖ ਹੈ ਐਕਸੈਲਰੇਟਰ, ਜਿਸ ’ਚ ਨਵੇਂ ਸਟਾਰਟਅੱਪਸ ਸ਼ੁਰੂ ਕਰਨ ਵਾਲਿਆਂ ਨੂੰ ਮਾਹਿਰਾਂ ਵੱਲੋਂ ਉਨ੍ਹਾਂ ਦੇ ਸਟਾਰਟਅੱਪਸ ਨਾਲ ਸਬੰਧਿਤ ਖੇਤਰਾਂ ਬਾਰੇ ਅਤੇ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਇਹ ਐਕਸੈਲਰੇਟਰ ਕਾਲਕਟ ਭਵਨ ਵਿਖੇ ਸਥਾਪਿਤ ਹੋਵੇਗਾ ਅਤੇ ਤੀਸਰਾ ਪੱਖ ਵੈਂਚਰ ਫੰਡ ਦਾ ਹੋਵੇਗਾ, ਜਿਸ ਤਹਿਤ 150 ਕਰੋੜ ਰੁਪਏ ਦੀ ਮਦਦ ਨਵੇਂ ਸਟਾਰਟਅੱਪਸ ਨੂੰ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਉਹ ਹੋਰ ਵਿਕਸਿਤ ਹੋ ਸਕਣ। ਸੂਬਾ ਸਰਕਾਰ ਵੱਲੋਂ ਕਾਰਪਸ (ਕੋਸ਼) ’ਚੋਂ 10 ਫੀਸਦੀ ਹਿੱਸਾ ਅਤੇ 10 ਕਰੋੜ ਰੁਪਏ ਤੱਕ ਦੀ ਗਾਰੰਟੀ ਮੁੱਢਲੇ ਦੌਰ ’ਚ ਨਿਵੇਸ਼ ਕਰਨ ਵਾਲਿਆਂ ਨੂੰ ਮੁਹੱਈਆ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਮਿਸ਼ਨ ਸਿਹਤ ਸੰਭਾਲ, ਫਾਰਮਾ ਅਤੇ ਬਾਇਓਟੈੱਕ, ਖੁਰਾਕ ਤੇ ਖੇਤੀਬਾੜੀ, ਉਤਪਾਦਨ ਅਤੇ ਮੀਡੀਆ ਤੇ ਮਨੋਰੰਜਨ ਆਦਿ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਵੇਗਾ, ਜੋ ਪੰਜਾਬ ਦਾ ਮਜ਼ਬੂਤ ਪੱਖ ਹਨ।

ਇਸ ਮੌਕੇ ਉੱਘੇ ਅਰਥ ਸ਼ਾਸਤਰੀ ਮੋਨਟੇਕ ਸਿੰਘ ਆਹਲੂਵਾਲੀਆ ਨੇ ਸਟਾਰਟਅੱਪਸ ਖੇਤਰ ’ਚ ਨਿਵੇਕਲੀਆਂ ਪੇਸ਼ਕਦਮੀਆਂ ਕੀਤੇ ਜਾਣ ਨੂੰ ਬੇਹੱਦ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਇਹ ਇਨੋਵੇਸ਼ਨ ਮਿਸ਼ਨ ਅਸਲ ’ਚ ਉਦੋਂ ਰਫਤਾਰ ਫੜੇਗਾ, ਜਦੋਂ ਕੋਵਿਡ ਦਾ ਅਸਰ ਮੱਧਮ ਪੈਣ ਪਿੱਛੋਂ ਸਥਿਤੀ ਆਮ ਵਰਗੀ ਹੋਵੇਗੀ। ਉਨ੍ਹਾਂ ਸਟਾਰਟਅੱਪ ਖੇਤਰ ’ਚ ਡਿਜੀਟਲ ਕੁਨੈਕਟੀਵਿਟੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅਹਿਮ ਪੱਖ ਦੱਸਿਆ। ਇਸ ਸਮੇਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਸਟਾਰਟਅੱਪ ਖੇਤਰ ਇਕ ਨਵਾਂ ਖੇਤਰ ਹੈ ਅਤੇ ਇਸ ’ਚ ਪੰਜਾਬ ਦੇ ਉੱਭਰਨ ਦਾ ਸਮਾਂ ਆ ਚੁੱਕਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 2017 ’ਚ ਨਵੀਂ ਵਪਾਰਕ ਨੀਤੀ ਉਲੀਕਦੇ ਸਮੇਂ ਸਟਾਰਟਅੱਪਸ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ। ਉਨ੍ਹਾਂ ਨਵੇਂ ਸਟਾਰਟਅਪਸ ਨੂੰ ਪੰਜਾਬ ’ਚ ਵੱਡੀ ਪੱਧਰ ’ਤੇ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਮਿਸ਼ਨ ਦੇ ਮਕਸਦ ਬਾਰੇ ਜਾਣਕਾਰੀ ਦਿੰਦੇ ਹੋਏ ਜੈਨਪੈਕਟ ਅਤੇ ਆਸ਼ਾ ਇੰਪੈਕਟ ਦੇ ਬਾਨੀ ਪ੍ਰਮੋਦ ਭਸੀਨ ਨੇ ਕਿਹਾ, ‘‘ਸਟਾਰਟਅੱਪਸ ਇਸ ਸਮੇਂ ਉਦਯੋਗਿਕ ਖੇਤਰ ਵਿੱਚ ਇਕ ਅਹਿਮ ਸਥਾਨ ਹਾਸਲ ਕਰ ਚੁੱਕੇ ਹਨ ਅਤੇ ਮੋਹਾਲੀ, ਚੰਡੀਗੜ੍ਹ ਤੇ ਲੁਧਿਆਣਾ ’ਚ ਸਟਾਰਟਅੱਪ ਦੇ ਪ੍ਰਮੁੱਖ ਕੇਂਦਰਾਂ ਵਜੋਂ ਉੱਭਰ ਕੇ ਸਾਹਮਣੇ ਆਉਣ ਦੀ ਪ੍ਰਤਿਭਾ ਹੈ। ਪੰਜਾਬ ਨੂੰ ਇਸ ਖੇਤਰ ’ਚ ਆਲਮੀ ਪੱਧਰ ’ਤੇ ਲਿਜਾਣ ਲਈ ਅਤੇ ਉੱਦਮੀਕਰਨ ਪੱਖੀ ਮਾਹੌਲ ਬਣਾਉਣ ਲਈ ਨਿਵੇਸ਼ਕਾਰਾਂ, ਉਦਯੋਗ ਜਗਤ ਅਤੇ ਹੋਰਨਾਂ ਸਬੰਧਿਤ ਧਿਰਾਂ ਨਾਲ ਤਾਲਮੇਲ ਕੀਤਾ ਜਾਵੇਗਾ।’’ ਇਸ ਮੌਕੇ ਸੀਕੁਓਆ ਕੈਪੀਟਲ ਦੇ ਮੈਨੇਜਿੰਗ ਡਾਇਰੈਕਟਰ ਰਾਜਨ ਆਨੰਦਨ, ਸਨੈਪਡੀਲ ਦੇ ਸਹਿ-ਬਾਨੀ ਅਤੇ ਸੀ. ਈ. ਓ. ਕੁਨਾਲ ਬਹਿਲ ਤੇ ਸੌਕਸੋਹੋ ਕੰਪਨੀ ਦੀ ਬਾਨੀ ਪ੍ਰੀਤਿਕਾ ਮਹਿਤਾ ਨੇ ਵੀ ਆਪਣੇ ਵਿਚਾਰ ਰੱਖੇ।