Punjab News

ਕੈਪਟਨ ਵੱਲੋਂ ਆਯੁਸ਼ਮਾਨ/ਸਰਬੱਤ ਸਿਹਤ ਬੀਮਾ ਸਕੀਮ ਤੋਂ ਵਾਂਝੇ 15 ਲੱਖ ਪਰਿਵਾਰਾਂ ਲਈ ਵੀ ਮੁਫ਼ਤ ਸਿਹਤ ਬੀਮੇ ਦਾ ਐਲਾਨ

ਚੰਡੀਗੜ੍ਹ –ਲੋਕਾਂ ਨੂੰ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਆਪਣੀ ਸਰਕਾਰ ਦੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨ੍ਹਾਂ 15 ਲੱਖ ਪਰਿਵਾਰਾਂ ਨੂੰ ਵੀ ਮੁਫਤ ਸਿਹਤ ਬੀਮੇ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ, ਜੋ ਇਸ ਤੋਂ ਪਹਿਲਾਂ ਆਯੁਸ਼ਮਾਨ ਭਾਰਤ/ਸਰਬੱਤ ਸਿਹਤ ਬੀਮਾ ਯੋਜਨਾ ਦੇ ਘੇਰੇ ’ਚ ਸ਼ਾਮਲ ਨਹੀਂ ਸਨ। ਮੁੱਖ ਮੰਤਰੀ ਨੇ ਇਸ ਫ਼ੈਸਲੇ ਦਾ ਐਲਾਨ ਮੰਤਰੀ ਮੰਡਲ ਦੀ ਵਰਚੁਅਲ ਮੀਟਿੰਗ ਦੌਰਾਨ ਕੀਤਾ, ਜਿੱਥੇ ਸਿਹਤ ਵਿਭਾਗ ਨੇ ਇਨ੍ਹਾਂ ਪਰਿਵਾਰਾਂ ਨੂੰ ਇਸ ਸਕੀਮ ਹੇਠ ਹਿੱਸੇਦਾਰੀ ਦੇ ਆਧਾਰ ਉਤੇ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਿਆ ਸੀ, ਜਿਸ ਲਈ ਲਾਭਪਾਤਰੀਆਂ ਨੂੰ ਵੀ ਪ੍ਰੀਮੀਅਮ ਦੇ ਖਰਚੇ ਦਾ ਹਿੱਸਾ ਪਾਉਣਾ ਪੈਣਾ ਸੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਵਾਅਦੇ ਦੀ ਪੂਰਤੀ ਹਿੱਤ ਇਨ੍ਹਾਂ ਪਰਿਵਾਰਾਂ ਨੂੰ ਮੁਫ਼ਤ ਇਸ ਦੇ ਘੇਰੇ ਹੇਠ ਲਿਆਂਦਾ ਜਾਵੇ।

ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਹੁਣ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪਰਿਵਾਰਾਂ ਨੂੰ ਛੱਡ ਕੇ ਸੂਬੇ ’ਚ ਬਾਕੀ ਸਾਰੇ 55 ਲੱਖ ਪਰਿਵਾਰ ਇਸ ਸਕੀਮ ਦੇ ਦਾਇਰੇ ਹੇਠ ਆ ਜਾਣਗੇ ਕਿਉਂ ਜੋ ਸਰਕਾਰੀ ਮੁਲਾਜ਼ਮ ਅਤੇ ਪੈਨਸ਼ਨਰ ਪਰਿਵਾਰਾਂ ਸਮੇਤ ਪਹਿਲਾਂ ਹੀ ਪੰਜਾਬ ਮੈਡੀਕਲ ਅਟੈਂਡੈਂਸ ਰੂਲਜ਼ ਦੇ ਘੇਰੇ ਹੇਠ ਆਉਂਦੇ ਹਨ। ਇਸ ਨਾਲ 55 ਲੱਖ ਪਰਿਵਾਰਾਂ ਨੂੰ ਸੂਚੀਬੱਧ ਕੀਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਲਈ ਹਰੇਕ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਮੁਹੱਈਆ ਹੋਵੇਗਾ, ਜਿਸ ਨਾਲ ਸੂਬਾ ਸਰਕਾਰ ਹੁਣ ਸਾਲਾਨਾ 593 ਕਰੋੜ ਰੁਪਏ ਦਾ ਬੋਝ ਸਹਿਣ ਕਰੇਗੀ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਸਕੀਮ ਤੋਂ ਬਾਹਰ ਰਹਿ ਗਏ ਇਨ੍ਹਾਂ ਪਰਿਵਾਰਾਂ ਨੂੰ ਨਾਲ ਜੋੜਨ ਲਈ ਪ੍ਰਕਿਰਿਆ ਉਲੀਕਣ ਲਈ ਆਖਿਆ ਹੈ। ਦੱਸਣਯੋਗ ਹੈ ਕਿ ਸੂਬੇ ਦੇ 39.38 ਲੱਖ ਪਰਿਵਾਰ 20 ਅਗਸਤ, 2019 ਤੋਂ ਇਸ ਸਹੂਲਤ ਦਾ ਲਾਭ ਪਹਿਲਾਂ ਹੀ ਲੈ ਰਹੇ ਹਨ ਅਤੇ ਬੀਤੇ ਦੋ ਸਾਲਾਂ ’ਚ ਇਨ੍ਹਾਂ ਨੇ 913 ਕਰੋੜ ਰੁਪਏ ਦਾ ਨਕਦੀ ਰਹਿਤ ਇਲਾਜ ਕਰਵਾਇਆ ਹੈ। ਇਨ੍ਹਾਂ ਪਰਿਵਾਰਾਂ ’ਚ ਸਮਾਜਿਕ-ਆਰਥਿਕ ਜਾਤੀ ਜਨਗਣਨਾ ਦੇ ਤਹਿਤ ਸ਼ਨਾਖ਼ਤ ਕੀਤੇ 14.64 ਲੱਖ ਪਰਿਵਾਰ, ਸਮਾਰਟ ਰਾਸ਼ਨ ਕਾਰਡ ਹੋਲਡਰ ਵਾਲੇ 16.15 ਲੱਖ ਪਰਿਵਾਰ, 5.07 ਕਿਸਾਨ ਪਰਿਵਾਰ, ਉਸਾਰੀ ਕਾਮਿਆਂ ਦੇ 3.12 ਲੱਖ ਪਰਿਵਾਰ, 4481 ਮਾਨਤਾ ਪ੍ਰਾਪਤ ਪੱਤਰਕਾਰਾਂ ਦੇ ਪਰਿਵਾਰ ਅਤੇ 33096 ਛੋਟੇ ਵਪਾਰੀਆਂ ਦੇ ਪਰਿਵਾਰ ਸ਼ਾਮਲ ਸਨ।

ਅੱਤਵਾਦ/ਦੰਗਾ ਪੀੜਤਾਂ ਤੇ ਕਸ਼ਮੀਰੀ ਹਿਜਰਤਕਾਰੀਆਂ ਦੀ ਵਿੱਤੀ ਸਹਾਇਤਾ ’ਚ ਵਾਧਾ
ਅੱਤਵਾਦ/ਦੰਗਾ ਪੀੜਤ ਪਰਿਵਾਰਾਂ ਅਤੇ ਕਸ਼ਮੀਰੀ ਹਿਜਰਤਕਾਰੀਆਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਮੰਤਰੀ ਮੰਡਲ ਵੱਲੋਂ ਇਨ੍ਹਾਂ ਦੇ ਗੁਜ਼ਾਰਾ ਭੱਤਿਆਂ ’ਚ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਅੱਤਵਾਦ/ਦੰਗਾ ਪੀੜਤ ਪਰਿਵਾਰਾਂ ਨੂੰ ਦਿੱਤੇ ਜਾਂਦੇ ਗੁਜ਼ਾਰਾ ਭੱਤਿਆਂ ’ਚ ਵਾਧਾ ਕਰਦਿਆਂ 5000 ਰੁਪਏ ਤੋਂ ਵਧਾ ਕੇ 6000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ, ਜਦਕਿ ਕਸ਼ਮੀਰੀ ਹਿਜਰਤਕਾਰੀਆਂ ਨੂੰ ਰਾਸ਼ਨ ਵਾਸਤੇ ਦਿੱਤੀ ਜਾਂਦੀ ਵਿੱਤੀ ਸਹਾਇਤਾ 2000 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਪ੍ਰਤੀ ਪਰਿਵਾਰ ਕੀਤੀ ਗਈ। ਇਸ ਫੈਸਲੇ ਨਾਲ 5100 ਅੱਤਵਾਦ/ਦੰਗਾ ਪੀੜਤ ਪਰਿਵਾਰਾਂ ਅਤੇ 200 ਕਸ਼ਮੀਰੀ ਹਿਜਰਤਕਾਰੀਆਂ ਨੂੰ ਸਾਲਾਨਾ 6.16 ਕਰੋੜ ਰੁਪਏ ਦਾ ਲਾਭ ਹੋਵੇਗਾ। ਜ਼ਿਕਰਯੋਗ ਹੈ ਕਿ ਅੱਤਵਾਦ/ਦੰਗਾ ਪੀੜਤ ਪਰਿਵਾਰਾਂ ਦੀ ਵਿੱਤੀ ਸਹਾਇਤਾ ’ਚ ਇਸ ਤੋਂ ਪਹਿਲਾਂ 2012 ’ਚ ਵਾਧਾ ਕੀਤਾ ਗਿਆ ਸੀ, ਜਦਕਿ ਕਸ਼ਮੀਰੀ ਹਿਜਰਤਕਾਰੀਆਂ ਦੀ ਵਿੱਤੀ ਸਹਾਇਤਾ ’ਚ 2005 ਵਿਚ ਵਾਧਾ ਕੀਤਾ ਗਿਆ ਸੀ।