India News

ਕੈਪਟਨ ਵੱਲੋਂ ਨਾਭਾ ਜੇਲ੍ਹ ‘ਚ ਮਾਰੇ ਗਏ ਬਿੱਟੂ ਦੀ ਚਹੁੰ ਪਾਸਿਓਂ ਜਾਂਚ ਦੇ ਆਦੇਸ਼

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਜੇਲ੍ਹ ਵਿੱਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਦੀ ਹਰ ਪੱਖ ਤੋਂ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਵੀ ਕਰ ਦਿੱਤਾ ਹੈ, ਜੋ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਦੇ ਕਤਲ ਦੀ ਪੜਤਾਲ ਕਰੇਗੀ।

ਐਸਆਈਟੀ ਦਾ ਮੁਖੀ ਏਡੀਜੀਪੀ ਕਾਨੂੰਨ ਤੇ ਵਿਵਸਥਾ ਈਸ਼ਵਰ ਸਿੰਘ ਨੂੰ ਥਾਪਿਆ ਗਿਆ ਹੈ। ਜਾਂਚ ਟੀਮ ਵਿੱਚ ਆਈਜੀ ਪਟਿਆਲਾ ਅਮਰਦੀਪ ਰਾਏ, ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਕਸ਼ਮੀਰ ਸਿੰਘ, ਡੀਆਈਜੀ ਇੰਟੈਲੀਜੈਂਸ ਹਰਦਿਆਲ ਮਾਨ ਤੇ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸ਼ਾਮਲ ਹਨ। ਐਸਆਈਟੀ ਪੜਤਾਲ ਕਰੇਗੀ ਕਿ ਆਖ਼ਰ ਪਿਛਲੇ ਸਾਲ ਗ੍ਰਿਫ਼ਤਾਰ ਕੀਤੇ ਡੇਰਾ ਸਿਰਸਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ ਕਿਵੇਂ ਤੇ ਕਿਹੜੇ ਹਾਲਾਤ ਵਿੱਚ ਕੀਤਾ ਗਿਆ।

ਮੁੱਢਲੀ ਪੜਤਾਲ ਵਿੱਚ ਪਾਇਆ ਗਿਆ ਹੈ ਕਿ ਫ਼ਰੀਦਕੋਟ ਦੇ ਰਹਿਣ ਵਾਲੇ 49 ਸਾਲਾ ਬਿੱਟੂ ਉੱਪਰ ਬੀਤੀ 22 ਜੂਨ ਨੂੰ ਮੁਹਾਲੀ ਦੇ ਗੁਰਸੇਵਕ ਸਿੰਘ ਤੇ ਫ਼ਤਹਿਗੜ੍ਹ ਸਾਹਿਬ ਦੇ ਮਨਿੰਦਰ ਸਿੰਘ ਨੇ ਹਮਲਾ ਕੀਤਾ ਸੀ। ਦੋਵੇਂ ਜਣੇ ਕਤਲ ਕੇਸ ਤਹਿਤ ਜੇਲ੍ਹ ਵਿੱਚ ਬੰਦ ਹਨ।