World

ਕੈਲੀਫੋਰਨੀਆ : ਜੰਗਲਾਂ ‘ਚ ਲੱਗੀ ਅੱਗ ਨੇ ਧਾਰਿਆ ਭਿਆਨਕ ਰੂਪ, 6 ਲੋਕ ਮਰੇ

ਰੇਡਿੰਗ,ਕੈਲੀਫੋਰਨੀਆ — ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਲੋਕਾਂ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਇਸ ਅੱਗ ਦੀ ਲਪੇਟ ‘ਚ ਆ ਕੇ ਇਕ ਬਜ਼ੁਰਗ ਔਰਤ ਅਤੇ 2 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 7 ਲਾਪਤਾ ਹਨ। ਸ਼ਾਸਤਾ ਕਾਊਂਟੀ ਦੇ ਸ਼ੈਰਿਫ ਟੌਮ ਬੋਸੇਂਕੋ ਨੇ ਐਤਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅੱਗ ਦੀ ਲਪੇਟ ‘ਚ ਆ ਕੇ 2 ਫਾਇਰ ਕਰਮਚਾਰੀਆਂ ਸਮੇਤ 6 ਲੋਕ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ ਅਤੇ ਉਨ੍ਹਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਵੀ ਤੇਜ਼ ਕਰ ਦਿੱਤੀਆਂ ਹਨ। ਇਸ ਅੱਗਨੀਕਾਂਡ ਵਿਚ 16 ਲੋਕ ਲਾਪਤਾ ਹੋ ਗਏ ਸਨ, ਜਿਸ ‘ਚੋਂ 9 ਨੂੰ ਲੱਭ ਲਿਆ ਗਿਆ ਹੈ ਅਤੇ ਬਾਕੀ ਬਚੇ 7 ਲੋਕਾਂ ਦੀ ਭਾਲ ਜਾਰੀ ਹੈ।
ਭਿਆਨਕ ਅੱਗ ਦੀ ਵਜ੍ਹਾ ਨਾਲ ਲੱਗਭਗ 38,000 ਲੋਕਾਂ ਨੂੰ ਆਪਣੇ ਘਰ-ਬਾਰ ਛੱਡਣੇ ਪਏ ਹਨ। ਫਾਇਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸ਼ਾਸਤਾ ਕਾਊਂਟੀ ਵਿਚ ਤੇਜ਼ ਹਵਾਵਾਂ ਅਤੇ ਅੱਗ ਕਾਰਨ ਦਰੱਖਤ ਉੱਖੜ ਗਏ ਹਨ ਅਤੇ ਕਈ ਕਾਰਾਂ ਪਲਟ ਗਈਆਂ ਹਨ। ਅੱਗ ਕਾਰਨ 500 ਤੋਂ ਵਧ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ ਅਤੇ ਹਜ਼ਾਰਾਂ ਘਰਾਂ ਦੇ ਰਾਖ ਵਿਚ ਬਦਲਣ ਦਾ ਖਤਰਾ ਬਣਿਆ ਹੋਇਆ ਹੈ।
ਦੱਸਣਯੋਗ ਹੈ ਕਿ ਜੰਗਲਾਂ ਵਿਚ ਅੱਗ ਲੱਗਣ ਦੀ ਇਹ ਘਟਨਾ ਬੀਤੇ ਸੋਮਵਾਰ ਨੂੰ ਇਕ ਕਾਰ ਵਿਚ ਆਈ ਖਰਾਬੀ ਦੀ ਵਜ੍ਹਾ ਨਾਲ ਵਾਪਰੀ। ਦੇਖਦੇ ਹੀ ਦੇਖਦੇ ਇਸ ਅੱਗ ਨੇ 89,194 ਏਕੜ ਇਲਾਕੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਰੇਡਿੰਗ ਵਾਸੀ ਅਮਾਂਡਾ ਨੇ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਦੀ ਦਾਦੀ ਦੀ ਮੌਤ ਹੋ ਗਈ। ਉਨ੍ਹਾਂ ਤੋਂ ਇਲਾਵਾ 5 ਅਤੇ 4 ਸਾਲ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਦਾਦੀ ਆਖਰੀ ਸਮੇਂ ਤਕ ਬੱਚਿਆਂ ਨੂੰ ਬਚਾਉਣ ਲਈ ਸੰਘਰਸ਼ ਕਰਦੀ ਰਹੀ। ਓਧਰ ਫਾਇਰ ਵਿਭਾਗ ਦੇ ਸੈਂਕੜੇ ਕਰਮਚਾਰੀ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟੇ ਹੋਏ ਹਨ ਪਰ ਅਜੇ ਤਕ ਬਹੁਤ ਘੱਟ ਹਿੱਸੇ ਵਿਚ ਲੱਗੀ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਹੈ।