UK News

ਕੋਰੋਨਾ ਕਾਲ ‘ਚ ਜੀ-7 ਦੇਸ਼ਾਂ ਦੀ ਵਰਚੁਅਲ ਬੈਠਕ ਲਈ ਭਾਰਤ ਨੂੰ ਮਿਲਿਆ ਸੱਦਾ

ਇੰਟਰਨੈਸ਼ਨਲ ਡੈਸਕ : ਵੀਰਵਾਰ ਨੂੰ ਬਰਤਾਨੀਆ ਸਰਕਾਰ ਨੇ ਐਲਾਨ ਕੀਤਾ ਕਿ ਭਾਰਤ 3 ਤੇ 4 ਜੂਨ ਨੂੰ ਆਕਸਫੋਰਡ ਯੂਨੀਵਰਸਿਟੀ ’ਚ ਹੋਣ ਵਾਲੀ ਜੀ-7 ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਵਰਚੁਅਲ ਬੈਠਕ ’ਚ ਸ਼ਾਮਿਲ ਹੋਣ ਲਈ ਸੱਦਾ ਭੇਜੇ ਮਹਿਮਾਨਾਂ ’ਚ ਸ਼ਾਮਲ ਹੈ। ਇਸ ਬੈਠਕ ’ਚ ਦੁਨੀਆ ਦੇ ਮੁੱਖ ਲੋਕਤੰਤਰਿਕ ਦੇਸ਼ ਵਿਸ਼ਵ ਪੱਧਰੀ ਸਿਹਤ ਦੇ ਮਹੱਤਵਪੂਰਨ ਖੇਤਰਾਂ ’ਚ ਜੀਵਨ ਰੱਖਿਅਕ ਕਾਰਵਾਈ ’ਤੇ ਸਹਿਮਤੀ ਬਣਾਉਣਗੇ। ਆਕਸਫੋਰਡ ਯੂਨੀਵਰਸਿਟੀ ਨੂੰ ਕੋਰੋਨਾ ਖਿਲਾਫ ਵਿਸ਼ਵ ਪੱਧਰੀ ਲੜਾਈ ’ਚ ਉਸ ਵੱਲੋਂ ਨਿਭਾਈ ਗਈ ਭੂਮਿਕਾ ਲਈ ਚੁਣਿਆ ਗਿਆ ਹੈ, ਜਿਸ ’ਚ ਵਿਸ਼ਵ ਦੇ ਮੋਹਰੀ ਟ੍ਰਾਇਲ ਤੇ ਕੋਰੋਨਾ ਟੀਕੇ ਨੂੰ ਲੈ ਕੇ ਐਸਟ੍ਰਾਜੇਨੇਕਾ ਨਾਲ ਇਸ ਦੀ ਗੈਰ-ਲਾਭਕਾਰੀ ਸਾਂਝੇਦਾਰੀ ਸ਼ਾਮਲ ਹੈ।

 

ਇਸ ਬੈਠਕ ’ਚ ਹਿੱਸਾ ਲੈਣ ਵਾਲੇ ਵਿਸ਼ਵ ਪੱਧਰੀ ਸਿਹਤ ਸੁਰੱਖਿਆ, ਰੋਗਾਣੂ ਰੋਕੂ, ਕਲੀਨੀਕਲ ਟ੍ਰਾਇਲ ਤੇ ਡਿਜੀਟਲ ਸਿਹਤ ਦੇ ਮੁੱਦਿਆਂ ਨੂੰ ਸੰਬੋਧਿਤ ਕਰਨ ਲਈ ਇਕੱਠੇ ਆਉਣਗੇ ਤੇ ਚਰਚਾ ਬਾਰੇ ਇਕ ਹਫਤੇ ਬਾਅਦ 11 ਤੋਂ 13 ਜੂਨ ਵਿਚਾਲੇ ਕਾਰਨਵਾਲ ’ਚ ਜੀ-7 ਨੇਤਾ ਸ਼ਿਖਰ ਸੰਮੇਲਨ ਨੂੰ ਸੂਚਿਤ ਕੀਤਾ ਜਾਵੇਗਾ। ਬਰਤਾਨੀਆ ਦੇ ਸਿਹਤ ਸਕੱਤਰ ਮੈਟ ਹੈਨਕਾਕ ਨੇ ਕਿਹਾ, ਆਕਸਫੋਰਡ ਐਸਟ੍ਰਾਜੇਨੇਕਾ ਟੀਕੇ ਦੀ ਜਨਮ ਭੂਮੀ ਹੈ। ਆਕਸਫੋਰਡ ਤੇ ਬ੍ਰਿਟਿਸ਼ ਜੀਵਨ ਵਿਗਿਆਨ ਕੇਂਦਰਬਿੰਦੂ ’ਚ ਹਨ। ਆਕਸਫੋਰਡ ਭਵਿੱਖ ਦੇ ਸਿਹਤ ਦੇ ਖਤਰਿਆਂ ਨਾਲ ਨਜਿੱਠਣ ਲਈ ਦੁਨੀਆ ਨੂੰ ਕਿਵੇਂ ਤਿਆਰ ਕਰਦਾ ਹੈ, ਇਸ ’ਤੇ ਅਹਿਮ ਬੈਠਕ ਕਰਨ ਦਾ ਇਕ ਆਦਰਸ਼ ਸਥਾਨ ਹੈ। ਸ਼ਿਖਰ ਸੰਮੇਲਨ ਬ੍ਰਿਟੇਨ ਦੇ 2021 ਦੇ ਸੱਤ ਦੇਸ਼ਾਂ ਦੇ ਸਮੂਹ ਦੀ ਪ੍ਰਧਾਨਗੀ ਦਾ ਹਿੱਸਾ ਹੈ, ਜਿਸ ’ਚ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਤੇ ਯੂਰਪੀਅਨ ਸੰਘ ਸ਼ਾਮਲ ਹਨ।