World

ਕੋਵਿਡ-19 : ਬ੍ਰਿਟੇਨ ਨੇ ਵੇਲਸ ’ਚ ਕੀਤੀ ਮਾਡਰਨਾ ਦਾ ਟੀਕਾ ਲਾਉਣ ਦੀ ਸ਼ੁਰੂਆਤ

ਲੰਡਨ : ਬ੍ਰਿਟੇਨ ਨੇ ਬੁੱਧਵਾਰ ਵੇਲਸ ’ਚ ਲੋਕਾਂ ਨੂੰ ਮਾਡਰਨਾ ਕੰਪਨੀ ਦਾ ਕੋਵਿਡ-19 ਰੋਕੂ ਟੀਕਾ ਲਾਉਣ ਦੀ ਸ਼ੁਰੂਆਤ ਕੀਤੀ। ਦੇਸ਼ ’ਚ ਦੋ ਖੁਰਾਕਾਂ ਵਾਲਾ ਇਹ ਤੀਸਰਾ ਟੀਕਾ ਹੈ, ਜਿਥੋਂ ਦੀ ਰਾਸ਼ਟਰੀ ਸਿਹਤ ਸੇਵਾ ਫਾਈਜ਼ਰ ਬਾਇਓਐਨਟੇਕ ਅਤੇ ਆਕਸਫੋਰਡ/ਐਸਟ੍ਰਾਜੈਨੇਕਾ ਦੇ ਟੀਕਿਆਂ ਦੀ ਪਹਿਲਾਂ ਤੋਂ ਵਰਤੋਂ ਕਰ ਰਹੀ ਹੈ। ਮਾਡਰਨਾ ਕੰਪਨੀ ਦਾ ਟੀਕਾ ਬ੍ਰਿਟੇਨ ’ਚ ਸਭ ਤੋਂ ਪਹਿਲਾਂ ਵੇਲਸ ਦੇ ਕਾਰਮੋਥੇਂਨਸ਼ਾਇਰ ਦੇ ਲੋਕਾਂ ਨੂੰ ਲਾਇਆ ਗਿਆ। ਦੇਸ਼ ’ਚ ਇਸ ਟੀਕੇ ਦੀ ਵਰਤੋਂ ਨੂੰ ਇਸ ਸਾਲ ਜਨਵਰੀ ’ਚ ਮਨਜ਼ੂਰੀ ਮਿਲੀ ਸੀ। ਬ੍ਰਿਟੇਨ ਸਰਕਾਰ ਨੇ ਕਿਹਾ ਕਿ ਉਸ ਨੇ ਇਸ ਟੀਕੇ ਦੀਆਂ ਇਕ ਕਰੋੜ 70 ਲੱਖ ਖੁਰਾਕਾਂ ਮੰਗਵਾਉਣ ਦਾ ਆਰਡਰ ਦਿੱਤਾ ਹੈ।
ਦੇਸ਼ ਦੇ ਸਿਹਤ ਮੰਤਰੀ ਮੈਟ ਹੈਂਕਾਕ ਨੇ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਅਸੀਂ ਸਮੁੱਚੇ ਰਾਸ਼ਟਰ ਵੱਲੋਂ ਹੋਰ ਟੀਕੇ ਹਾਸਲ ਕੀਤੇ ਹਨ ਅਤੇ ਟੀਕਾਕਰਨ ਪ੍ਰੋਗਰਾਮ ਤੋਂ ਦੇਸ਼ ਦੇ ਇਕਜੁੱਟ ਹੋ ਕੇ ਕੰਮ ਕਰਨ ਦਾ ਪਤਾ ਲੱਗਦਾ ਹੈ।’’ ਉਨ੍ਹਾਂ ਕਿਹਾ ਕਿ ਪੂਰੇ ਬ੍ਰਿਟੇਨ ’ਚ ਹਰ ਪੰਜ ਲੋਕਾਂ ’ਚੋਂ ਤਿੰਨ ਨੂੰ ਟੀਕੇ ਦੀ ਘੱਟ ਤੋਂ ਘੱਟ ਇਕ ਖੁਰਾਕ ਮਿਲ ਚੁੱਕੀ ਹੈ ਤੇ ਅੱਜ ਅਸੀਂ ਮਾਨਤਾ ਪ੍ਰਾਪਤ ਕਰ ਚੁੱਕੇ ਟੀਕੇ ਨਾਲ ਸ਼ੁਰੂਆਤ ਕਰ ਰਹੇ ਹਾਂ। ਤੁਸੀਂ ਜਿਥੇ ਵੀ ਰਹਿੰਦੇ ਹੋ, ਜਦੋਂ ਵੀ ਤੁਹਾਨੂੰ ਬੁਲਾਇਆ ਜਾਵੇ, ਆਓ ਅਤੇ ਟੀਕਾ ਲਗਵਾਓ।’’