Menu

ਕ੍ਰਿਸਮਿਸ ਮੌਕੇ ਆਸਟਰੇਲੀਆ ‘ਚ ਹੋ ਸਕਦਾ ਸੀ ਵੱਡਾ ਅੱਤਵਾਦੀ ਹਮਲਾ, ਪੁਲਸ ਨੇ ਅਸਫਲ ਕੀਤੀ ਕੋਸ਼ਿਸ਼

ਮੈਲਬੌਰਨ— ਆਸਟਰੇਲੀਆ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਮੈਲਬੌਰਨ ਦੀਆਂ ਵੱਖ-ਵੱਖ ਥਾਂਵਾਂ ‘ਤੇ ਹਮਲਿਆਂ ਦੀ ਸਾਜ਼ਿਸ਼ ਨੂੰ ਅਸਫਲ ਕਰਦਿਆਂ ਸੱਤ ਸ਼ੱਕੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਸਟਰੇਲੀਆ ਦੀ ਖੁਫੀਆ ਪੁਲਸ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਮੈਲਬੌਰਨ ਦੇ ਵੱਖ-ਵੱਖ ਇਲਾਕਿਆਂ ‘ਤੇ ਰਾਤ ਭਰ ਛਾਪੇਮਾਰੀ ਕਰਨ ਤੋਂ ਬਾਅਦ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ‘ਚ ਇੱਕ ਔਰਤ ਵੀ ਸ਼ਾਮਲ ਹੈ। ਸਾਰਿਆਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ। ਆਸਟਰੇਲੀਆ ਦੀ ਸੰਘੀ ਪੁਲਸ ਦੇ ਕਮਿਸ਼ਨਰ ਐਂਡਰਿਊ ਕੋਲਵਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੱਕੀ ਹਮਲਾਵਰਾਂ ਦੀ ਗ੍ਰਿਫ਼ਤਾਰੀ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਇੱਕ ਵੱਡੇ ਹਮਲੇ ਦੀ ਸਾਜ਼ਿਸ਼ ਨੂੰ ਅਸਫਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਹਮਲੇ ਪੂਰੀ ਤਰ੍ਹਾਂ ਟਲ ਗਏ ਹਨ। ਸ਼੍ਰੀ ਕੋਲਵਿਨ ਮੁਤਾਬਕ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਮੈਲਬੌਰਨ ‘ਚ ਸੁਰੱਖਿਆ ਵਿਵਸਥਾ ਨੂੰ ਵਧਾ ਦਿੱਤਾ ਗਿਆ ਹੈ। ਵਿਕਟੋਰੀਆ ਪੁਲਸ ਕਮਿਸ਼ਨਰ ਗ੍ਰਾਹਮ ਏਸ਼ਟਨ ਨੇ ਕਿਹਾ ਕਿ ਕ੍ਰਿਸਮਿਸ ਅਤੇ ਸਲਾਨਾ ਬਾਕਸਿੰਗ ਡੇਅ ਕ੍ਰਿਕਟ ਟੈਸਟ ਦੇ ਤੀਜੇ ਦਿਨ ਵਾਧੂ ਪੁਲਸ ਫੋਰਸ ਦੀ ਗਸ਼ਤੀ ਵਧਾਈ ਜਾਵੇਗੀ।