India News

ਖ਼ੂਨੀ ਸਾਕੇ ‘ਚ ਸੁੰਦਰ ਮਜੀਠੀਆ ਦੀ ਸ਼ਮੂਲੀਅਤ ਲਈ ਬਿਕਰਮ ਤੇ ਹਰਸਿਮਰਤ ਮੁਆਫ਼ੀ ਮੰਗਣ: ਸੁਖਜਿੰਦਰ ਰੰਧਾਵਾ

ਚੰਡੀਗੜ੍ਹ
ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਨਿਚਰਵਾਰ ਨੂੰ ਮੰਗ ਕੀਤੀ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਆਪਣੇ ਦਾਦੇ ਸੁੰਦਰ ਸਿੰਘ ਮਜੀਠੀਆ ਦੇ ਪਾਪਾਂ ਲਈ ਮੁਆਫੀ ਮੰਗਣ ਜਿਸ ਦੀ 13 ਅਪਰੈਲ 1919 ਨੂੰ ਹੋਏ ਜਲਿਆਂ ਵਾਲਾ ਬਾਗ਼ ਦੇ ਖੂਨੀ ਸਾਕੇ ਤੇ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸਿੱਧੀ ਸ਼ਮੂਲੀਅਤ ਸੀ। ਉਨ੍ਹਾਂ ਕਿਹਾ ਕਿ ਇਸ ਸਾਲ 13 ਅਪਰੈਲ ਨੂੰ ਜਲਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਦੀ ਇਕ ਸ਼ਤਾਬਦੀ ਪੂਰੀ ਹੋ ਗਈ ਅਤੇ ਇਸ ਸਾਲ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ ਪੁਰਬ ਮਨਾਉਣ ਜਾ ਰਹੇ ਹਨ ਜਿਸ ਕਾਰਨ ਇਹੋ ਵੇਲਾ ਹੈ ਕਿ ਦੋਵੇਂ ਭੈਣ ਭਰਾ ਆਪਣੇ ਦਾਦੇ ਦੇ ਕੀਤੇ ਪਾਪਾਂ ਬਦਲੇ ਮੁਆਫੀ ਮੰਗਣ।
ਸ ਰੰਧਾਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਰਸਿਮਰਤ ਤੇ ਬਿਕਰਮ ਦੇ ਧਾਰਮਿਕ ਸਮਾਗਮਾਂ ਵਿੱਚ ਸਮੂਲੀਅਤ ਉਪਰ ਉਦੋਂ ਤੱਕ ਪਾਬੰਦੀ ਲਗਾਉਣ ਜਦੋਂ ਤੱਕ ਉਹ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਆਪਣੇ ਦਾਦੇ ਦੇ ਕੀਤੇ ਜੁਰਮਾਂ ਬਦਲੇ ਮੁਆਫੀ ਨਹੀਂ ਮੰਗ ਲੈਂਦੇ।
ਚੰਡੀਗੜ੍ਹ ਤੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਇਤਿਹਾਸਕ ਤੱਥਾਂ ਤੋਂ ਇਹ ਸਾਫ ਜਾਹਰ ਹੁੰਦਾ ਹੈ ਕਿ ਸੁੰਦਰ ਸਿੰਘ ਮਜੀਠੀਆ ਇਨਾਂ ਦੋਵੇਂ ਘਟਨਾਵਾਂ ਵਿੱਚ ਸਿੱਧੇ ਤੌਰ ‘ਤੇ ਸਾਮਲ ਸੀ ਅਤੇ ਉਸਨੇ ਭਾਰਤੀ ਕ੍ਰਾਂਤੀਕਾਰੀਆਂ ਵਿਰੁੱਧ ਅੰਗਰੇਜ਼ਾਂ ਨਾਲ ਖੜਨ ਦਾ ਫ਼ੈਸਲਾ ਲਿਆ।
ਉਨ੍ਹਾਂ ਕਿਹਾ ਕਿ ਜਦੋਂ ਜਨਰਲ ਡਾਇਰ ਦੀ ਅਗਵਾਈ ਵਾਲੀ ਟੁਕੜੀ ਨੇ ਜਲਿਆਂਵਾਲਾ ਬਾਗ਼ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਮਾਸੂਮ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸ ਘਟਨਾ ਵਿੱਚ ਸੈਂਕੜੇ ਮਾਸੂਮ ਲੋਕ ਮਾਰੇ ਗਏ ਅਤੇ 1200 ਤੋਂ ਵੱਧ ਜ਼ਖ਼ਮੀ ਹੋਏ।