India News

ਖੱਟਰ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼, ਐਤਵਾਰ ਦੁਪਹਿਰ 1:30 ਵਜੇ ਚੁੱਕਣਗੇ CM ਵਜੋਂ ਸਹੁੰ

ਚੰਡੀਗੜ੍ਹ
ਭਾਜਪਾ ਆਗੂ ਸ੍ਰੀ ਮਨੋਹਰ ਲਾਲ ਖੱਟਰ ਨੇ ਅੱਜ ਰਾਜਪਾਲ ਕੋਲ ਹਰਿਆਣਾ ‘ਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਭਾਜਪਾ ਨੂੰ ਹਮਾਇਤ ਕਰਨ ਵਾਲੇ ਹੋਰ ਆਜ਼ਾਦ ਤੇ JJP ਦੇ MLAs ਦੀ ਸੂਚੀ ਵੀ ਰਾਜਪਾਲ ਨੂੰ ਸੌਂਪੀ। ਸ੍ਰੀ ਖੱਟਰ ਹੁਣ ਭਲਕੇ ਐਤਵਾਰ ਨੂੰ ਦੀਵਾਲੀ ਵਾਲੇ ਦਿਨ ਦੁਪਹਿਰ 1:30 ਵਜੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਇਸ ਤੋਂ ਪਹਿਲਾਂ ਸ੍ਰੀ ਮਨੋਹਰ ਲਾਲ ਖੱਟਰ ਨੂੰ ਅੱਜ ਭਾਰਤੀ ਜਨਤਾ ਵਿਧਾਇਕ ਪਾਰਟੀ ਦਾ ਆਗੂ ਚੁਣ ਲਿਆ ਗਿਆ ਸੀ। ਇੰਝ ਉਨ੍ਹਾਂ ਦਾ ਇੱਕ ਵਾਰ ਫਿਰ ਹਰਿਆਣਾ ਦੇ ਮੁੱਖ ਮੰਤਰੀ ਬਣਨਾ ਤੈਅ ਹੋ ਗਿਆ ਸੀ। ਉਂਝ ਪੀਟੀਆਈ ਨੇ ਪਹਿਲਾਂ ਹੀ ਖ਼ਬਰ ਦਿੱਤੀ ਸੀ ਕਿ ਸ੍ਰੀ ਖੱਟਰ ਐਤਵਾਰ ਨੂੰ ਭਾਵ ਦੀਵਾਲ਼ੀ ਵਾਲੇ ਦਿਨ ਬਾਅਦ ਦੁਪਹਿਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।
ਭਾਜਪਾ ਦੇ ਕੇਂਦਰੀ ਨਿਗਰਾਨ ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਜਦੋਂ ਹਰਿਆਣਾ ਦੇ ਰਾਜਪਾਲ BJP-JJP ਸਰਕਾਰ ਨੂੰ ਸੱਦਾ ਨਹੀਂ ਦੇ ਦਿੰਦੇ, ਤਦ ਤੱਕ ਸ੍ਰੀ ਖੱਟਰ ਦੇ ਹਲਫ਼ ਲੈਣ ਦਾ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਜਾ ਸਕਦਾ। ਉਂਝ ਭਾਜਪਾ ਦੇ ਸੂਤਰਾਂ ਨੇ ਨਵੀ਼ ਸਰਕਾਰ ਦੇ ਮੁੱਖ ਮੰਤਰੀ ਜਾਂ ਮੰਤਰੀਆਂ ਵੱਲੋਂ ਅੱਜ ਸਹੁੰ ਚੁੱਕਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ।
ਵਿਧਾਇਕ ਪਾਰਟੀ ਦੀ ਮੀਟਿੰਗ ਤੋਂ ਬਾਅਦ ਸ੍ਰੀ ਖੱਟਰ ਅੱਜ ਰਾਜਪਾਲ ਨਾਲ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਉਹ ਅੱਜ ਹੀ ਹਰਿਆਣਾ ’ਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੇ ਹਨ। ਉੱਧਰ ਜਨਨਾਇਕ ਜਨਤਾ ਪਾਰਟੀ (JJP) ਦੇ ਪ੍ਰਧਾਨ ਦੁਸ਼ਯੰਤ ਚੌਟਾਲਾ ਵੀ ਅੱਜ ਰਾਜਪਾਲ ਨੂੰ ਸਵੇਰੇ 11 ਵਜੇ ਮਿਲੇ; ਜਿੱਥੇ ਉਨ੍ਹਾਂ ਆਪਣੇ ਵਿਧਾਇਕਾਂ ਦੇ ਭਾਜਪਾ ਨੂੰ ਸਮਰਥਨ ਦੀ ਚਿੱਠੀ ਦਿੱਤੀ।
ਭਾਜਪਾ ਨੇ ਕੱਲ੍ਹ ਜਜਪਾ ਨਾਲ ਗੱਠਜੋੜ ਕਰ ਲਿਆ ਸੀ; ਜਿਸ ਨੇ 90 ਮੈਂਬਰੀ ਹਰਿਆਣਾ ਵਿਧਾਨ ਸਭਾ ’ਚ 10 ਸੀਟਾਂ ਜਿੱਤੀਆਂ ਹਨ। ਡਿਪਟੀ ਮੁੱਖ ਮੰਤਰੀ ਜਜਪਾ ਦਾ ਹੀ ਹੋਵੇਗਾ ਭਾਵ ਦੁਸ਼ਯੰਤ ਚੌਟਾਲਾ ਹੋਣਗੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਜਜਪਾ ਆਗੂ ਦੁਸ਼ਯੰਤ ਚੌਟਾਲਾ ਨਾਲ ਨਵੀਂ ਦਿੱਲੀ ’ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਮੁੱਖ ਮੰਤਰੀ ਭਾਜਪਾ ਦਾ ਤੇ ਉੱਪ–ਮੁੱਖ ਮੰਤਰੀ ਜਜਪਾ ਦਾ ਹੋਵੇਗਾ।
ਹਰਿਆਣਾ ਵਿਧਾਨ ਸਭਾ ’ਚ ਕਿਸੇ ਇੱਕ ਪਾਰਟੀ ਨੂੰ ਪੂਰਨ ਬਹੁਮੱਤ ਨਹੀਂ ਮਿਲ ਸਕਿਆ; ਉਂਝ ਭਾਵੇਂ ਭਾਜਪਾ 40 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਚੋਣ ਨਤੀਜੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਗਲੀ ਸਰਕਾਰ ਬਣਾਉਣ ਲਈ ਜ਼ਰੂਰੀ ਬਹੁਮੱਤ ਦੇ ਅੰਕੜਿਆਂ ਤੋਂ ਛੇ ਸੀਟਾਂ ਪਿਛਾਂਹ ਰਹਿ ਗਈ ਹੈ।
ਉੱਧਰ ਇੰਡੀਅਨ ਨੈਸ਼ਨਲ ਲੋਕ ਦਲ ਤੇ ਹਰਿਆਣਾ ਲੋਕਹਿਤ ਪਾਰਟੀ ਨੂੰ ਇੱਕ–ਇੱਕ ਸੀਟ ਮਿਲੀ ਹੈ।