Punjab News

ਗਠਜੋੜ ਤਕ ਸੀਮਤ ਨਹੀਂ ਸ਼੍ਰੋਮਣੀ ਅਕਾਲੀ ਦਲ, ਸੱਤਾ ਪ੍ਰਾਪਤੀ ਲਈ ਮਹਾਗਠਜੋੜ ਦਾ ਲੱਭਿਆ ਜਾ ਰਿਹੈ ਫਾਰਮੂਲਾ

ਚੰਡੀਗੜ੍ਹ (ਅਸ਼ਵਨੀ ਕੁਮਾਰ) : ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਸਥਾਈ ਗਠਜੋੜ ਦਾ ਦਾਅਵਾ ਕੀਤਾ ਹੈ ਪਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਫ਼ਤਹਿ ਕਰਣ ਲਈ ਸ਼੍ਰੋਮਣੀ ਅਕਾਲੀ ਦਲ ਮਹਾਗਠਜੋੜ ਦਾ ਫਾਰਮੂਲਾ ਵੀ ਲੱਭ ਰਿਹਾ ਹੈ। ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੰਨੀਏ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਇਕਲੌਤਾ ਟੀਚਾ ਕਾਂਗਰਸ ਨੂੰ ਸੱਤਾਹੀਣ ਕਰਕੇ ਖੁਦ ਸੱਤਾ ਹਾਸਲ ਕਰਨਾ ਹੈ। ਇਸ ਲਈ ਉਨ੍ਹਾਂ ਤਮਾਮ ਸਿਆਸੀ ਦਲਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ, ਜੋ ਇਕੱਠੇ ਮਿਲ ਕੇ ਕਾਂਗਰਸ ਨੂੰ ਚੋਣ ਮੈਦਾਨ ਵਿਚ ਧਰਾਸ਼ਾਹੀ ਕਰ ਸਕਦੇ ਹਨ। ਇਸ ਦੇ ਤਹਿਤ ਪਿਛਲੇ ਦਿਨੀਂ ਬਹੁਜਨ ਸਮਾਜ ਪਾਰਟੀ ਸਮੇਤ ਲੈਫ਼ਟ ਪਾਰਟੀਆਂ ਨਾਲ ਗਠਜੋੜ ਦੇ ਯਤਨ ਕੀਤੇ ਗਏ ਸਨ, ਜਿਸ ਵਿਚ ਬਸਪਾ ਨੇ ਗਠਜੋੜ ਦਾ ਐਲਾਨ ਕਰ ਦਿੱਤਾ ਹੈ। ਉਥੇ ਹੀ, ਲੈਫ਼ਟ ਪਾਰਟੀਆਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ।

 

ਜੇਕਰ ਲੈਫ਼ਟ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਗਠਜੋੜ ਨਾਲ ਜੁੜਨ ਦੀ ਇੱਛਾ ਰੱਖਣਗੀਆਂ ਤਾਂ ਪੰਜਾਬ ਵਿਚ ਮਹਾਗਠਜੋੜ ਦਾ ਫਾਰਮੂਲਾ ਸਾਕਾਰ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੀ ਮੰਨੀਏ ਤਾਂ ਸ਼੍ਰੋਮਣੀ ਅਕਾਲੀ ਦਲ ਲੈਫਟ ਪਾਰਟੀਆਂ ਨੂੰ 3-5 ਸੀਟਾਂ ਦੇਣ ਲਈ ਰਾਜ਼ੀ ਹੋ ਸਕਦਾ ਹੈ। ਹਾਲਾਂਕਿ ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਾਲੀਆਂ 23 ਸੀਟਾਂ ਨੂੰ ਹੀ ਸਿਰਫ਼ ਹੋਰ ਦਲਾਂ ਲਈ ਛੱਡਿਆ ਜਾਵੇ। ਇਸ ਲਈ ਹੁਣ ਸਿਰਫ਼ 3 ਸੀਟਾਂ ’ਤੇ ਹੀ ਹੋਰ ਦਲਾਂ ਨਾਲ ਗੱਲਬਾਤ ਹੋਵੇ।

 

2017 ’ਚ  34 ਸੀਟਾਂ ਰਾਖਵੀਂਆਂ, ਕਾਂਗਰਸ ਨੂੰ 23, ‘ਆਪ’ 9 ਅਤੇ ਅਕਾਲੀ ਦਲ ਨੂੰ 3 ’ਤੇ ਮਿਲੀ ਜਿੱਤ
ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 34 ਸੀਟਾਂ ਰਾਖਵੀਂਆਂ ਸਨ। ਇਨ੍ਹਾਂ ਵਿਚ ਮਲੋਟ, ਦੀਨਾਨਗਰ, ਜੈਤੋਂ, ਫਿਲੌਰ, ਫਗਵਾੜਾ, ਹਰਗੋਬਿੰਦਪੁਰਾ, ਬੁਢਲਾਡਾ, ਚਮਕੌਰ ਸਾਹਿਬ, ਚੱਬੇਵਾਲ, ਬੰਗਾ, ਬੱਸੀ ਪਠਾਣਾ, ਦਿੜਬਾ, ਰਾਏਕੋਟ, ਭੋਆ, ਗਿੱਲ, ਮਹਿਲਕਲਾਂ, ਪਾਇਲ, ਨਿਹਾਲ ਸਿੰਘ ਵਾਲਾ, ਬੱਲੂਆਣਾ, ਸ਼ੁਤਰਾਣਾ, ਸ਼ਾਮ ਚੁਰਾਸੀ, ਆਦਮਪੁਰ, ਅੰਮ੍ਰਿਤਸਰ ਵੈਸਟ, ਭਦੌੜ, ਭੁੱਚੋਮੰਡੀ, ਬਠਿੰਡਾ ਰੂਰਲ, ਨਾਭਾ, ਜਗਰਾਓਂ, ਫਿਰੋਜ਼ਪੁਰ ਰੂਰਲ, ਬਾਬਾ ਬਕਾਲਾ, ਜੰਡਿਆਲਾ, ਕਰਤਾਰਪੁਰ, ਜਲੰਧਰ ਵੈਸਟ, ਅਟਾਰੀ ਵਿਧਾਨਸਭਾ ਖੇਤਰ ਨੂੰ ਰਾਖਵੇਂ ਖੇਤਰ ਦੀ ਸੂਚੀ ਵਿਚ ਰੱਖਿਆ ਗਿਆ ਸੀ। ਇਨ੍ਹਾਂ ਸੀਟਾਂ ’ਤੇ ਸਾਰੇ ਸਿਆਸੀ ਦਲਾਂ ਨੇ ਕਿਸਮਤ ਅਜ਼ਮਾਈ ਪਰ ਸਭ ਤੋਂ ਜ਼ਿਆਦਾ ਰਾਖਵੇਂ ਵਰਗ ਦੀਆਂ ਸੀਟਾਂ ਕਾਂਗਰਸ ਦੀ ਝੋਲੀ ਵਿਚ ਆਈਆਂ। ਕਾਂਗਰਸ ਨੂੰ ਕਰੀਬ 22 ਸੀਟਾਂ ’ਤੇ ਜਿੱਤ ਮਿਲੀ। ਉਥੇ ਹੀ, ਸ਼੍ਰੋਮਣੀ ਅਕਾਲੀ ਦਲ ਨੂੰ 3 ਅਤੇ ਆਮ ਆਦਮੀ ਪਾਟੀ ਨੂੰ 9 ਸੀਟਾਂ ’ਤੇ ਸਬਰ ਕਰਨਾ ਪਿਆ।

 

ਸ਼੍ਰੋਮਣੀ ਅਕਾਲੀ ਦਲ-‘ਆਪ’ ਦੇ ਇਨ੍ਹਾਂ ਰਾਖਵੇਂ ਵਰਗ ਦੇ ਨੇਤਾਵਾਂ ਨੇ ਲਹਿਰਾਇਆ ਜੇਤੂ ਝੰਡਾ
ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਬੰਗਾ ਤੋਂ ਡਾ. ਸੁਖਵਿੰਦਰ ਸਿੰਘ ਸੁੱਖੀ, ਫਿਲੌਰ ਤੋਂ ਬਲਦੇਵ ਸਿੰਘ ਖਹਿਰਾ ਅਤੇ ਆਦਮਪੁਰ ਤੋਂ ਪਵਨ ਕੁਮਾਰ ਟੀਨੂ ਜਿੱਤੇ। ਉਥੇ ਹੀ, ਭਦੌੜ ਤੋਂ ਪਿਰਮਲ ਸਿੰਘ ਧੌਲਾ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਚੋਣ ਜਿੱਤੇ ਪਰ ਹੁਣ ਉਨ੍ਹਾਂ ਨੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ। ਇਸ ਕੜੀ ਵਿਚ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਜੈਤੋਂ ਤੋਂ ਬਲਦੇਵ ਸਿੰਘ, ਬੁਢਲਾਡਾ ਤੋਂ ਬੁੱਧ ਰਾਮ, ਦਿੜਬਾ ਤੋਂ ਹਰਪਾਲ ਸਿੰਘ ਚੀਮਾ, ਰਾਏਕੋਟ ਤੋਂ ਜਗਤਾਰ ਸਿੰਘ ਜੱਗਾ ਹਿੱਸੋਵਾਲ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ, ਮਹਿਲਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ, ਜਗਰਾਓਂ ਤੋਂ ਸਰਬਜੀਤ ਕੌਰ ਮਾਣੂੰਕੇ ਅਤੇ ਬਠਿੰਡਾ ਦਿਹਾਤੀ ਤੋਂ ਰੁਪਿੰਦਰ ਕੌਰ ਰੂਬੀ ਨੇ ਰਾਖਵੀਂਆਂ ਸੀਟਾਂ ’ਤੇ ਜਿੱਤ ਦਾ ਝੰਡਾ ਲਹਿਰਾਇਆ ਸੀ।

 

20ਵੀਂ ਸਦੀ ਦੇ ਅੰਤਿਮ ਦਹਾਕੇ ’ਚ ਪੰਜਾਬ ਵਿਚ ਝੂੰਮਿਆ ਸੀ ਹਾਥੀ
ਚੰਡੀਗੜ੍ਹ (ਹਰੀਸ਼ਚੰਦਰ) : ਕਦੇ ਪੰਜਾਬ ਦੀ ਰਾਜਨੀਤੀ ਵਿਚ ਇਕ ਨਵੇਂ ਰਾਜਨੀਤਕ ਦਲ ਦੇ ਰੂਪ ਵਿਚ ਦਸਤਕ ਦੇਣ ਵਾਲੀ ਬਹੁਜਨ ਸਮਾਜ ਪਾਰਟੀ ਲੀਡਰਸ਼ਿਪ ਦੀ ਅਣਹੋਂਦ ਅਤੇ ਸੰਗਠਨ ਦੀ ਕਮੀ ਦੇ ਚਲਦੇ ਠੋਸ ਵੋਟ ਬੈਂਕ ਹੋਣ ਦੇ ਬਾਵਜੂਦ ਬੀਤੇ ਦੋ ਦਹਾਕਿਆਂ ਵਿਚ ਹਾਸ਼ੀਏ ’ਤੇ ਚਲੀ ਗਈ। ਬਸਪਾ ਦਾ ਪੰਜਾਬ ਵਿਚ ਖਾਤਾ 1989 ਵਿਚ ਖੁੱਲ੍ਹਾ ਸੀ ਜਦੋਂ ਫਿਲੌਰ ਲੋਕਸਭਾ ਸੀਟ ਤੋਂ ਹਰਭਜਨ ਲਾਖਾ ਸੰਸਦ ਮੈਂਬਰ ਚੁਣੇ ਗਏ ਸਨ। ਇਸ ਦੇ ਨਾਲ ਹੀ ਪਾਰਟੀ ਨੇ ਦਲਿਤ ਵੋਟ ’ਤੇ ਆਪਣਾ ਏਕਾਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ 1992 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬਸਪਾ 9 ਸੀਟਾਂ ਜਿੱਤ ਕੇ ਵਿਧਾਨ ਸਭਾ ਵਿਚ ਦੂਜੀ ਵੱਡੀ ਪਾਰਟੀ ਬਣੀ। ਖਾਸ ਗੱਲ ਇਹ ਹੈ ਕਿ ਇਨ੍ਹਾਂ 9 ਸੀਟਾਂ ਵਿਚੋਂ ਆਦਮਪੁਰ, ਬਲਾਚੌਰ ਅਤੇ ਗੜ੍ਹਸ਼ੰਕਰ ਸੀਟਾਂ ਰਿਜ਼ਰਵ ਨਹੀਂ ਸਨ ਪਰ ਦੋਆਬੇ ਦੇ ਦਲਿਤ ਵੋਟ ਬੈਂਕ ਨੇ ਇਹ ਸੀਟਾਂ ਬਸਪਾ ਦੇ ਖਾਤੇ ਵਿਚ ਪਾ ਦਿੱਤੀਆਂ। ਬਸਪਾ ਨੂੰ 16.32 ਫੀਸਦੀ ਵੋਟਾਂ ਮਿਲੀਆਂ ਸਨ। ਪੰਜਾਬ ਦੀਆਂ ਲੋਕ ਸਭਾ ਚੋਣਾਂ ਵੀ ਉਦੋਂ ਨਾਲ ਹੀ ਹੋਈਆਂ ਸਨ ਕਿਉਂਕਿ ਖ਼ਰਾਬ ਹਾਲਾਤ ਦੇ ਕਾਰਨ 1991 ਵਿਚ ਇੱਥੇ ਲੋਕ ਸਭਾ ਚੋਣਾਂ ਨਹੀਂ ਹੋਈਆਂ ਸਨ। ਉਦੋਂ ਕਾਂਗਰਸ ਨੇ ਇਕਤਰਫ਼ਾ ਜਿੱਤ ਦਰਜ ਕੀਤੀ ਸੀ ਪਰ ਬਸਪਾ ਨੇ ਉਸ ਨੂੰ ਕਲੀਨ ਸਵੀਪ ਨਾਲ ਰੋਕ ਦਿੱਤਾ ਸੀ। ਦਰਅਸਲ ਫਿਰੋਜ਼ਪੁਰ ਸੀਟ ’ਤੇ ਮੋਹਨ ਸਿੰਘ ਬਸਪਾ ਟਿਕਟ ’ਤੇ ਜਿੱਤ ਦਰਜ ਕਰ ਗਏ, ਜਿਸ ਦੇ ਨਾਲ ਕਾਂਗਰਸ ਸੂਬੇ ਦੀਆਂ 13 ਵਿਚੋਂ 12 ਸੀਟਾਂ ਹੀ ਜਿੱਤ ਸਕੀ।

 

1996 ਵਿਚ ਹੁਸ਼ਿਆਰਪੁਰ ਸੀਟ ਤੋਂ ਜਿੱਤੇ ਕਾਸ਼ੀਰਾਮ
ਸਾਲ 1996 ਵਿਚ ਬਸਪਾ ਨੇ ਅਕਾਲੀ ਦਲ ਨਾਲ ਸਮਝੌਤਾ ਕਰਕੇ ਹੁਸ਼ਿਆਰਪੁਰ, ਫਿਲੌਰ ਅਤੇ ਫਿਰੋਜ਼ਪੁਰ ਸੀਟ ’ਤੇ ਜਿੱਤ ਦਰਜ ਕੀਤੀ। ਕਾਸ਼ੀਰਾਮ ਉਦੋਂ ਹੁਸ਼ਿਆਰਪੁਰ ਸੀਟ ਤੋਂ ਜਿੱਤੇ ਸਨ। ਬਸਪਾ ਨੂੰ ਦੇਸ਼ਭਰ ਵਿਚ 11 ਸੀਟਾਂ ਮਿਲੀਆਂ ਸਨ, ਜਿਨ੍ਹਾਂ ਵਿਚ ਬਸਪਾ ਦਾ ਗੜ੍ਹ ਮੰਨੇ ਜਾਂਦੇ ਉੱਤਰ ਪ੍ਰਦੇਸ਼ ਵਿਚ ਸਿਰਫ਼ 6 ਸੀਟਾਂ ਸ਼ਾਮਲ ਸਨ। ਸਾਲ 1997 ਵਿਚ ਬਸਪਾ ਨੇ ਆਖਰੀ ਵਾਰ ਜਿੱਤ ਦਰਜ ਕੀਤੀ ਸੀ, ਜਦੋਂ ਗੜ੍ਹਸ਼ੰਕਰ ਤੋਂ ਸ਼ਿੰਗਾਰਾ ਰਾਮ ਸ਼ੰਗੁੜ ਇਕਲੌਤੇ ਵਿਧਾਇਕ ਚੁਣੇ ਗਏ। ਪਾਰਟੀ ਦਾ ਵੋਟ ਵੀ ਉਦੋਂ ਘਟ ਕੇ 8 ਫੀਸਦੀ ਤੋਂ ਹੇਠਾਂ ਪਹੁੰਚ ਗਿਆ ਸੀ। ਇਸ ਤੋਂ ਬਾਅਦ ਬਸਪਾ ਦੇ ਪੈਰ ਸੂਬੇ ਤੋਂ ਉੱਖੜ ਗਏ। ਪਾਰਟੀ ਹਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਤਾਂ ਉਤਾਰਦੀ ਹੈ ਪਰ ਪਾਰਟੀ ਕੋਲ ਕੱਦਾਵਰ ਨੇਤਾਵਾਂ ਦੀ ਕਮੀ ਕਾਰਣ ਵੋਟ ਬੈਂਕ ਨੂੰ ਕੈਸ਼ ਨਹੀਂ ਕਰ ਪਾਉਂਦੀ। ਹੁਣ ਅਕਾਲੀ ਦਲ ਵਰਗੇ ਸਾਥੀ ਦੇ ਰੂਪ ਵਿਚ ਬਸਪਾ ਨੂੰ ਅਜਿਹਾ ਗਠਜੋੜ ਸਾਥੀ ਮਿਲਿਆ ਹੈ, ਜਿਸ ਦੇ ਸਹਾਰੇ ਉਹ ਆਉਣ ਵਾਲੀਆਂ ਚੋਣਾਂ ਵਿਚ ਕਿਸੇ ਚਮਤਕਾਰ ਦੀ ਉਮੀਦ ਕਰ ਸਕਦੀ ਹੈ।

 

2019 ਦਾ ਪ੍ਰਦਰਸ਼ਨ ਹੈਰਾਨੀਜਨਕ ਰਿਹਾ ਹੈ
ਬਸਪਾ ਦਾ 2014 ਦੀ ਤੁਲਨਾ ਵਿਚ 2019 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਦਰਸ਼ਨ ਹੈਰਾਨੀਜਨਕ ਰਿਹਾ ਸੀ। ਪਾਰਟੀ ਨੇ 2014 ਵਿਚ ਇਕੱਲੇ ਹੀ ਸਾਰੀਆਂ 13 ਸੀਟਾਂ ’ਤੇ ਚੋਣ ਲੜੀ ਪਰ 2.63 ਲੱਖ ਵੋਟਾਂ ਹੀ ਉਸ ਨੂੰ ਪੂਰੇ ਰਾਜ ਵਿਚੋਂ ਮਿਲੀਆਂ, ਜੋ ਸਿਰਫ 1.9 ਫੀਸਦੀ ਸਨ। ਬਸਪਾ ਉਦੋਂ 7 ਸੀਟਾਂ ’ਤੇ ਚੌਥੇ, 2 ’ਤੇ ਪੰਜਵੇਂ ਅਤੇ 2 ਸੀਟਾਂ ’ਤੇ ਛੇਵੇਂ ਸਥਾਨ ’ਤੇ ਰਹੀ ਸੀ। ਬਸਪਾ ਨੇ 2019 ਵਿਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨਾਲ ਸਮਝੌਤਾ ਕਰਕੇ ਸਿਰਫ਼ ਤਿੰਨ ਸੀਟਾਂ ਹੁਸ਼ਿਆਰਪੁਰ, ਜਲੰਧਰ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਚ ਆਪਣੇ ਉਮੀਦਵਾਰ ਉਤਾਰੇ ਅਤੇ ਤਿੰਨਾਂ ਲੋਕ ਸਭਾ ਹਲਕਿਆਂ ਵਿਚ ਉਹ ਤੀਸਰੇ ਸਥਾਨ ’ਤੇ ਰਹੀ ਸੀ। ਖਾਸ ਗੱਲ ਇਹ ਹੈ ਕਿ ਉਦੋਂ ਇਨ੍ਹਾਂ ਤਿੰਨੇ ਹਲਕਿਆਂ ਵਿਚ ਆਮ ਆਦਮੀ ਪਾਰਟੀ ਚੌਥੇ ਨੰਬਰ ’ਤੇ ਰਹੀ। ਬਸਪਾ ਨੂੰ ਕਰੀਬ 4 ਲੱਖ 80 ਹਜ਼ਾਰ ਵੋਟਾਂ ਮਿਲੀਆਂ।