India News

ਗਾਇਕੀ ਦੇ ਅੰਬਰ ‘ਚੋਂ ਚੜ੍ਹਦੀ ਵਰੇਸ’ ਚ ਟੁੱਟਿਆ ਤਾਰਾ ਦਿਲਜਾਨ

ਜਲੰਧਰ : ਨੌਜਵਾਨ ਪੰਜਾਬੀ ਗਾਇਕ ਦਿਲਜਾਨ ਦੀ ਬੀਤੀ ਦੇਰ ਰਾਤ ਦੋ ਵਜੇ ਦੇ ਕਰੀਬ ਅੰਮ੍ਰਿਤਸਰ ਜਲੰਧਰ ਹਾਈਵੇ ਉਪਰ ਟਾਂਗਰਾ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਨਾਲ ਪੰਜਾਬੀ ਗਾਇਕੀ ਦੇ ਅੰਬਰ ਵਿਚੋਂ ਚੜ੍ਹਦੀ ਵਰੇਸ ਵਿਚ ਤਾਰਾ ਟੁੱਟ ਗਿਆ ਹੈ। ਦਿਲਜਾਨ ਬੁਲੰਦ ਆਵਾਜ਼ ਵਾਲਾ ਗਾਇਕ ਸੀ ਅਤੇ ਛੋਟੀ ਉਮਰ ਵਿੱਚ ਹੀ ਉਸ ਨੇ ਗਾਇਕੀ ਦੇ ਖੇਤਰ ਵਿਚ ਚੰਗੀ ਪੈਠ ਬਣਾ ਲਈ ਸੀ। ਦਿਲਜਾਨ ਦਾ ਜਨਮ 30 ਜੁਲਾਈ 1989 ਨੂੰ ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਕਸਬੇ ਕਰਤਾਰਪੁਰ ਵਿਖੇ ਲੇਖਕ ਤੇ ਗਾਇਕ ਮਦਨ ਮਾਡਾਰ ਦੇ ਘਰ ਹੋਇਆ ਸੀ। ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿਤਾ ਨੂੰ ਮਾਡਾਰ ਕਰਤਾਰਪੁਰੀ ਦੇ ਨਾਮ ਨਾਲ ਜਾਣਦੇ ਹਨ। ਇਸ ਤਰ੍ਹਾਂ ਦਿਲਜਾਨ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਿਤਾ ਤੋਂ ਹੀ ਮਿਲੀ ਸੀ ਅਤੇ ਉਸ ਨੇ ਬਚਪਨ ਤੋਂ ਹੀ ਗਾਇਕੀ ਨਾਲ ਨਾਤਾ ਜੋੜ ਲਿਆ ਸੀ। ਉਸ ਨੇ ਦਸਵੀਂ ਡੀਏਵੀ ਹਾਈ ਸਕੂਲ ਕਰਤਾਰਪੁਰ ਤੋਂ ਪਾਸ ਕੀਤੀ ਅਤੇ ਬੀਏ ਦੀ ਡਿਗਰੀ ਡੀਏਵੀ ਕਾਲਜ ਜਲੰਧਰ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ। 2006-2007 ਵਿਚ ਐੱਮਐੱਚ ਵੰਨ ਟੀਵੀ ਚੈਨਲ ਉਪਰ ਕਰਵਾਏ ਪੰਜਾਬੀ ਗਾਇਕੀ ਦੇ ਰਿਐਲਟੀ ਸ਼ੋਅ ਆਵਾਜ਼ ਪੰਜਾਬ ਦੀ ਵਿਚ ਆਪਣੀ ਗਾਇਕੀ ਦੀ ਮੁਜ਼ਾਹਰਾ ਕੀਤਾ ਅਤੇ ਇਸ ਗਾਇਨ ਮੁਕਾਬਲੇ ਵਿਚ ਰਨਰਅੱਪ ਰਿਹਾ। 2012 ਵਿਚ ਕਲਰ ਟੀਵੀ ਚੈਨਲ ਉਪਰ ਭਾਰਤੀ ਤੇ ਪਾਕਿਸਤਾਨੀ ਗਾਇਕੀ ਦੇ ਰਿਐਲਟੀ ਸ਼ੋਅ ਸੁਰ ਕਸ਼ੇਤਰ ਵਿਚ ਵੀ ਦਿਲਜਾਨ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਇਸ ਸੰਗੀਤ ਮੁਕਾਬਲੇ ਵਿਚ ਉਸ ਨੇ ਆਪਣੀ ਆਵਾਜ਼ ਤੇ ਕਲਾ ਨਾਲ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਦੀ ਇਕ ਪੇਸ਼ਕਾਰੀ ਨਾਲ ਪ੍ਰਸਿੱਧ ਭਾਰਤੀ ਗਾਇਕਾ ਆਸ਼ਾ ਭੋਂਸਲੇ ਜੋ ਕਿ ਸ਼ੋਅ ਵਿਚ ਜੱਜ ਸੀ, ਏਨੀ ਭਾਵੁਕ ਹੋਏ ਕਿ ਅੱਖਾਂ ਵਿਚ ਅਥਰੂ ਆ ਗਏ। ਸੁਰ ਕਸ਼ੇਤਰ ਗਾਇਕੀ ਮੁਕਾਬਲੇ ਵਿਚ ਵੀ ਦਿਲਜਾਨ ਰਨਰਅੱਪ ਰਿਹਾ। 16 ਜੁਲਾਈ 2020 ਨੂੰ ਪੰਜਾਬੀ ਜਾਗਰਣ ਦੇ ਫੇਸਬੁੱਕ ਪੇਜ ਉਤੇ ਲਾਈਵ ਗੱਲਬਾਤ ਕਰਦਿਆਂ ਦਿਲਜਾਨ ਨੇ ਦੱਸਿਆ ਕਿ ਉਸ ਨੇ ਸ਼ੋਅ ਦੌਰਾਨ ਪਹਿਲਾ ਗੀਤ ਆਵੋ ਨੀ ਸਈਓ ਰਲ਼ ਦੇਵੋ ਨੀ ਵਧਾਈਆਂ, ਨੀ ਮੈਂ ਵਰ ਪਾਇਆ ਰਾਂਝਾ ਮਾਹੀ ਗਾਇਆ ਸੀ। ਪਿਛਲੇ ਸਾਲ ਹੀ 15 ਜੁਲਾਈ ਨੂੰ ਉਸ ਨੇ ਸਰਦਾਰ ਅਲੀ ਨਾਲ ਮਿਲ ਕੇ ਰੱਬ ਨੂੰ ਮਨਾਉਣ ਵਾਲਿਆ ਗੀਤ ਗਾਇਆ ਸੀ ਜੋ ਕਿ ਕਾਫ਼ੀ ਮਕਬੂਲ ਹੋਇਆ ਸੀ। ਇਸ ਸਾਲ ਵੀ ਉਸ ਨੇ ਕੁਲਦੀਪ ਮਾਣਕ ਦਾ ਗੀਤ ਆਪਣੀ ਆਵਾਜ਼ ਵਿਚ ਗਾਇਆ ਸੀ ਜਿਸ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਸੀ। ਦਿਲਜਾਨ ਦੇ ਅਚਨਚੇਤੀ ਤੁਰ ਜਾਣ ਨਾਲ ਗਾਇਕੀ ਦੇ ਅੰਬਰ ਦਾ ਚਮਕਦਾ ਤਾਰਾ ਟੁੱਟ ਗਿਆ ਹੈ। ਉਸ ਦੀ ਮੌਤ ਨਾਲ ਗਾਇਕੀ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ।