India News

ਗੋਬਿੰਦ ਸਿੰਘ ਲੌਂਗੋਵਾਲ ਮੁੜ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

ਅੰਮ੍ਰਿਤਸਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਨਵੇਂ ਪ੍ਰਧਾਨ ਦੀ ਚੋਣ ਲਈ ਅੱਜ ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਨਰਲ ਇਜਲਾਸ ਹੋਇਆ। ਜਿੱਥੇ ਗੋਬਿੰਦ ਸਿੰਘ ਲੌਂਗੋਵਾਲ ਹੁਰਾਂ ਨੂੰ ਹੀ ਇੱਕ ਹੋਰ ਸਾਲ ਲਈ SGPC ਦਾ ਮੁੜ ਪ੍ਰਧਾਨ ਚੁਣ ਲਿਆ ਗਿਆ।
ਸਾਰੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਪਰ ਵਿਰੋਧੀਆਂ ਨੇ ਇਸ ਚੋਣ ਇਜਲਾਸ ਦਾ ਵਿਰੋਧ ਕਰਦਿਆਂ ਬਾਈਕਾਟ ਕੀਤਾ। ਅੱਜ ਸ੍ਰੀ ਰਾਜਿੰਦਰ ਸਿੰਘ ਮਹਿਤਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ, ਜਦ ਕਿ ਸ੍ਰੀ ਗੁਰਬਖ਼ਸ਼ ਸਿੰਘ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ। ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਚੁਣੇ ਗਏ ਹਨ।
ਪਹਿਲਾਂ ਤੋਂ ਹੀ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਮੌਜੂਦਾ ਪ੍ਰਧਾਨ ਸ੍ਰੀ ਗੋਬਿੰਦ ਸਿੰਘ ਲੌਂਗੋਵਾਲ ਨੂੰ ਹੀ ਮੁੜ ਪ੍ਰਧਾਨ ਚੁਣਿਆ ਜਾ ਸਕਦਾ ਹੈ ਪਰ ਅੱਜ ਸਵੇਰ ਤੱਕ ਸੀਨੀਅਰ ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ ਅਤੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੀ ਇਸ ਅਹੁਦੇ ਦੀ ਦੌੜ ’ਚ ਦੱਸੇ ਜਾ ਰਹੇ ਸਨ। ਉਂਝ ਭਾਵੇਂ ਇਸ ਚੋਣ ਲਈ ਸਾਰੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਗਏ ਸਨ।
ਦਰਅਸਲ, ਸ੍ਰੀ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦਾ ਥਾਪੜਾ ਹਾਸਲ ਹੈ। ਉਹ ਸਾਲ 2017 ਦੌਰਾਨ ਪਹਿਲੀ ਵਾਰ SGPC ਦੇ ਪ੍ਰਧਾਨ ਬਣੇ ਸਨ ਉਨ੍ਹਾਂ ਤੋਂ ਪਹਿਲਾਂ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਪ੍ਰਧਾਨ ਸਨ। ਸਾਲ 2018 ’ਚ ਸ੍ਰੀ ਲੌਂਗੋਵਾਲ ਨੂੰ ਦੋਬਾਰਾ ਪ੍ਰਧਾਨ ਚੁਣ ਲਿਆ ਗਿਆ ਸੀ।
ਸ੍ਰੀ ਗੋਬਿੰਦ ਸਿੰਘ ਲੌਂਗੋਵਾਲ ਬਹੁਤ ਹੀ ਸਨਿਮਰ ਸੁਭਾਅ ਦੇ ਮਾਲਕ ਹਨ ਤੇ ਉਨ੍ਹਾਂ ਤੋਂ ਬਾਦਲ ਪਰਿਵਾਰ ਦੀ ਅਥਾਰਟੀ ਨੂੰ ਕਦੇ ਕੋਈ ਖ਼ਤਰਾ ਨਹੀਂ ਹੋ ਸਕਦਾ। ਸ੍ਰੀ ਲੌਂਗੋਵਾਲ ਨੂੰ ਸ਼ੁਰੂ ਤੋਂ ਹੀ ਬਾਦਲਾਂ ਦਾ ਵਫ਼ਾਦਾਰ ਮੰਨਿਆ ਜਾਂਦਾ ਹੈ। ਸ੍ਰੀ ਲੌਂਗੋਵਾਲ ਕਦੇ ਵੀ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਤੈਅ ਕੀਤੇ ਘੇਰੇ ਤੋਂ ਬਾਹਰ ਨਹੀਂ ਗਏ।
ਦਰਅਸਲ, ਸਾਲ 2015 ’ਚ ਜਦੋਂ ਇੱਕ ਤੋਂ ਬਾਅਦ ਇੱਕ ਕਰ ਕੇ ਪੰਜਾਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕੁਝ ਘਟਨਾਵਾਂ ਵਾਪਰੀਆਂ, ਤਾਂ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਮਿਲਣ ਲੱਗ ਪਈਆਂ ਸਨ। ਅਕਾਲੀ ਦਲ ’ਚ ਬਾਗ਼ੀ ਸੁਰਾਂ ਉੱਭਰਨ ਲੱਗੀਆਂ ਸਨ ਤੇ ਖਡੂਰ ਸਾਹਿਬ ਹਲਕੇ ਤੋਂ ਐੱਮਪੀ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਤਦ ਹੀ ਬਗ਼ਾਵਤ ਕਰਦਿਆਂ ਆਪਣੀ ਵੱਖਰੀ ‘ਸ਼੍ਰੋਮਣੀ ਅਕਾਲੀ ਦਲ–ਟਕਸਾਲੀ’ ਬਣਾ ਲਈ ਸੀ।
ਸ੍ਰੀ ਗੋਬਿੰਦ ਸਿੰਘ ਲੌਂਗੋਵਾਲ ਨੇ ਕਦੇ ਟੌਹੜਾ ਧੜੇ ਨਾਲ ਆਪਣੀ ਨੇੜਤਾ ਕਾਇਮ ਨਹੀਂ ਕੀਤੀ ਤੇ ਨਾ ਹੀ ਪਾਰਟੀ ਦੇ ਕਿਸੇ ਹੋਰ ਅੰਦਰੂਨੀ ਧੜੇ ਨਾਲ ਉਹ ਜੁੜੇ ਅਤੇ ਪੂਰੀ ਤਰ੍ਹਾਂ ਬਾਦਲਾਂ ਦੇ ਨੇੜੇ ਬਣੇ ਰਹੇ। ਸ੍ਰੀ ਲੌਂਗੋਵਾਲ ਨਾਲ ਕਦੇ ਕੋਈ ਵੱਡਾ ਵਿਵਾਦ ਵੀ ਨਹੀਂ ਜੁੜਿਆ।
ਉਂਝ ਬਾਦਲ–ਵਿਰੋਧੀ ਕੁਝ ਜੱਥੇਬੰਦੀਆਂ ਨੇ ਜ਼ਰੂਰ ਸ੍ਰੀ ਲੌਂਗੋਵਾਲ ਦਾ ਵਿਰੋਧ ਕੀਤਾ ਹੈ। ਸ੍ਰੀ ਲੌਂਗੋਵਾਲ ਨੇ ਕਦੇ ਕਿਸੇ ਨਾਲ ਬਹਿਸਬਾਜ਼ੀ ਵੀ ਨਹੀਂ ਕੀਤੀ। ਉਨ੍ਹਾਂ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਸਦਾ ‘ਧਰਮ ਪ੍ਰਚਾਰ’ ’ਤੇ ਹੀ ਆਪਣਾ ਧਿਆਨ ਕੇਂਦ੍ਰਿਤ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਲਈ ਕੁੱਲ 191 ਮੈਂਬਰਾਂ ਦੀ ਚੋਣ ਹੁੰਦੀ ਹੈ; ਜਿਨ੍ਹਾਂ ਵਿੱਚੋਂ 170 ਮੈਂਬਰਾਂ ਦੀ ਚੋਣ ਸਿੱਖ ਵੋਟਰਾਂ ਵੱਲੋਂ ਕੀਤੀ ਜਾਂਦੀ ਹੈ, 15 ਮੈਂਬਰ ਨਾਮਜ਼ਦ ਹੁੰਦੇ ਹਨ ਤੇ ਪੰਜ ਤਖ਼ਤ ਸਾਹਿਬਾਨ ਦੇ ਜੱਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ–ਗ੍ਰੰਥੀ ਵੀ ਇਸ ਦੇ ਮੈਂਬਰ ਹੁੰਦੇ ਹਨ।
ਅੱਜ ਪ੍ਰਧਾਨ ਦੇ ਨਾਲ–ਨਾਲ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ 11 ਮੈਂਬਰੀ ਕਾਰਜਕਾਰਨੀ ਕਮੇਟੀ ਦੀ ਚੋਣ ਵੀ ਹੋਈ।