India News

ਚਿਦੰਬਰਮ ਨੂੰ ਝਟਕਾ, 3 ਅਕਤੂਬਰ ਤਕ ਖਾਣੀ ਪਏਗੀ ਜੇਲ੍ਹ ਦੀ ਰੋਟੀ

ਨਵੀਂ ਦਿੱਲੀ: ਆਈਐਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ‘ਚ ਦਿੱਲੀ ਦੀ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਕੇਂਦਰ ਮੰਤਰੀ ਪੀ. ਚਿਦੰਬਰਮ ਦੀ ਨਿਆਇਕ ਹਿਰਾਸਤ ਨੂੰ ਤਿੰਨ ਅਕਤੂਬਰ ਤਕ ਵਧਾ ਦਿੱਤਾ ਹੈ। ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾੜ ਨੇ ਚਿਦੰਬਰਮ ਦੀ ਮੈਡੀਕਲ ਜਾਂਚ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਸੀਬੀਆਈ ਨੇ ਸੀਨੀਅਰ ਕਾਂਗਰਸ ਨੇਤਾ ਦੀ ਨਿਆਇਕ ਹਿਰਾਸਤ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਸੀ।
ਸੀਬੀਆਈ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਨਿਆਇਕ ਹਿਰਾਸਤ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚਿਦੰਬਰਮ ਨੂੰ ਜਿਸ ਦਿਨ ਪਹਿਲੀ ਵਾਰ ਜੇਲ੍ਹ ਭੇਜਿਆ ਸੀ, ਉਦੋਂ ਤੋਂ ਸਥਿਤੀ ‘ਚ ਕੋਈ ਬਦਲਾਅ ਨਹੀਂ ਹੋਇਆ। ਚਿਦੰਬਰਮ ਦੀ ਪੈਰਵੀ ਕਰ ਰਹੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਨਿਆਇਕ ਹਿਰਾਸਤ ਦੇ ਸਮੇਂ ‘ਚ ਕੀਤੇ ਵਾਧੇ ਦਾ ਵਿਰੋਧ ਕੀਤਾ ਹੈ।
ਸਿੱਬਲ ਦਾ ਕਹਿਣਾ ਹੈ ਕਿ ਚਿਦੰਬਰਮ ਨੂੰ ਨਿਆਇਕ ਹਿਰਾਸਤ ਦੌਰਾਨ ਤਿਹਾੜ ਜੇਲ੍ਹ ‘ਚ ਸਮੇਂ-ਸਮੇਂ ‘ਤੇ ਮੈਡੀਕਲ ਮਦਦ ਤੇ ਪੂਰਕ ਆਹਾਰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ 73 ਸਾਲਾ ਚਿਦੰਬਰਮ ਨੂੰ ਕਈ ਬਿਮਾਰੀਆਂ ਹਨ। ਕਾਂਗਰਸ ਨੇਤਾ ਪੰਜ ਸਤੰਬਰ ਤੋਂ ਨਿਆਇਕ ਹਿਰਾਸਤ ‘ਚ ਹਨ। ਸਿੱਬਲ ਨੇ ਚਿਦੰਬਰਮ ਦੀ ਏਮਜ਼ ‘ਚ ਜਾਂਚ ਦੀ ਇਜਾਜ਼ਤ ਮੰਗੀ ਹੈ।