India News

ਜਰਮਨ ‘ਚ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਨੇੜਲੇ ਪਿੰਡ ਲੁਬਾਣਗੜ੍ਹ ‘ਚ ਰਹਿਣ ਵਾਲੇ ਅਰਜਨ ਸਿੰਘ ਦੇ ਨੌਜਵਾਨ ਪੁੱਤਰ ਦਵਿੰਦਰ ਸਿੰਘ ਬਿੰਦਰ (38) ਦੀ ਜਰਮਨ ਦੇ ਸ਼ਹਿਰ ਵਾਇਰਥ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਦਵਿੰਦਰ ਸਿੰਘ 1998 ‘ਚ ਰੋਜ਼ਗਾਰ ਲਈ ਪਿੰਡ ਲੁਬਾਣਗੜ੍ਹ ਤੋਂ ਇਟਲੀ ਗਿਆ ਸੀ ਅਤੇ ਉਥੇ ਹੀ ਪੱਕੇ ਤੌਰ ‘ਤੇ ਸਥਾਪਿਤ ਹੋਣ ਤੋਂ ਬਾਅਦ ਉਸ ਨੇ ਵਿਆਹ ਕਰਵਾ ਲਿਆ, ਜਿਸ ਤੋਂ ਉਸ ਦੇ 2 ਬੱਚੇ ਵੀ ਪੈਦਾ ਹੋਏ।
ਪਿਛਲੇ 1 ਸਾਲ ਤੋਂ ਇਟਲੀ ਦੇ ਨਾਲ ਹੀ ਜਰਮਨ ਦੇਸ਼ ‘ਚ ਨੌਕਰੀ ਕਰਨ ਲੱਗ ਪਿਆ ਸੀ ਅਤੇ ਪੀਜ਼ੇ ਦੀ ਹੋਮ ਡਿਲਵਰੀ ਕਰਦਾ ਸੀ। ਲੰਘੀ 5 ਜੁਲਾਈ ਨੂੰ ਉਹ ਪੀਜ਼ੇ ਦੀ ਹੋਮ ਡਿਲਵਰੀ ਕਰਨ ਜਾ ਰਿਹਾ ਸੀ ਤਾਂ ਉਸ ਦੀ ਕਾਰ ਸੰਤੁਲਨ ਗੁਆ ਬੈਠੀ ਅਤੇ ਕਈ ਪਲਟੀਆਂ ਖਾ ਗਈ। ਜਖ਼ਮੀ ਹੋਇਆ ਦਵਿੰਦਰ ਸਿੰਘ ਅਜੇ ਪਲਟੀ ਕਾਰ ‘ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਬਲਾਸਟ ਹੋਣ ਨਾਲ ਕਾਰ ਨੂੰ ਅੱਗ ਲੱਗ ਗਈ, ਜਿਸ ਵਿਚ ਉਹ ਬੁਰੀ ਤਰ੍ਹਾਂ ਝੁਲਸ ਗਿਆ।
ਗੰਭੀਰ ਹਾਲਤ ਵਿਚ ਉਸ ਨੂੰ ਵਾਇਰਥ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਬੀਤੀ ਸ਼ਾਮ ਉਹ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਮ੍ਰਿਤਕ ਦਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਜਿਉਂ ਹੀ ਪਿੰਡ ‘ਚ ਆਈ ਤਾਂ ਉਥੇ ਸੋਗ ਦੀ ਲਹਿਰ ਦੌੜ ਪਈ। ਜਰਮਨ ਪੁਲਸ ਵਲੋਂ ਉਥੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਸ ਦੀ ਲਾਸ਼ ਪਿੰਡ ਲਿਆਂਦੀ ਜਾਵੇਗੀ ਕਿ ਅੰਤਿਮ ਸਸਕਾਰ ਵਿਦੇਸ਼ ‘ਚ ਹੀ ਕੀਤਾ ਜਾਵੇਗਾ।