UK News

ਜਾਨਸਨ ਨੇ ਬ੍ਰਿਟੇਨ ਨੂੰ ਵਿਗਿਆਨ ਦੇ ਖੇਤਰ ‘ਚ ਗਲੋਬਲ ਮਹਾਸ਼ਕਤੀ ਬਣਾਉਣ ਲਈ ਪੇਸ਼ ਕੀਤੀ ਨਵੀਂ ਯੋਜਨਾ

ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਆਪਣੀ ਸਰਕਾਰ ਦੇ ਅਭਿਲਾਸ਼ੀ ਪ੍ਰਾਜੈਕਟਾਂ ਦੀ ਘੋਸ਼ਣਾ ਕੀਤੀ, ਜਿਸ ਦੇ ਤਹਿਤ ਦੇਸ਼ ਨੂੰ ਵਿਗਿਆਨ ਦੇ ਖੇਤਰ ਵਿਚ ਗਲੋਬਲ ਮਹਾਸ਼ਕਤੀ ਬਣਾਉਣ ਅਤੇ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸਫਲਤਾ ਨੂੰ ਦੁਹਰਾਉਣ ਦਾ ਟੀਚਾ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਜਾਨਸਨ ਦੀ ਪ੍ਰਧਾਨਗੀ ਵਾਲੀ ਨਵੀਂ ਰਾਸ਼ਟਰੀ ਵਿਗਿਆਨ ਅਤੇ ਤਕਨਾਲੋਜੀ ਪਰੀਸ਼ਦ, ਵਿਗਿਆਨ ਅਤੇ ਤਕਨਾਲੋਜੀ ਦੀ ਵਰਤੋਂ ਸਮਾਜ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਕਰਨ ਵਿਚ ਰਣਨੀਤਕ ਦਿਸ਼ਾ ਪ੍ਰਦਾਨ ਕਰੇਗੀ। 

 

ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਸਰ ਪੈਟ੍ਰਿਕ ਵੈਲੇਂਸ, ਕੈਬਨਿਟ ਦਫਤਰ ਵਿਚ ਸਥਿਤ ਨਵੇਂ ਵਿਗਿਆਨ ਅਤੇ ਤਕਨਾਲੋਜੀ ਰਣਨੀਤੀ ਦਫਤਰ (OSTS) ਦੇ ਪ੍ਰਮੁੱਖ ਹੋਣਗੇ ਅਤੇ ਇਹ ਨਵੇਂ ਰਾਸ਼ਟਰੀ ਤਕਨੀਕੀ ਸਲਾਹਕਾਰ ਦੇ ਤੌਰ ‘ਤੇ ਵੀ ਵਧੀਕ ਭੂਮਿਕਾ ਨਿਭਾਉਣਗੇ। ਜਾਨਸਨ ਨੇ ਕਿਹਾ,”ਟੀਕੇ ਦੀ ਖੋਜ ਕਰਨ ਤੋਂ ਲੈਕੇ ਉਸ ਨੂੰ ਜਨਤਾ ਤੱਕ ਪਹੁੰਚਾਉਣ ਤੱਕ ਸਾਡੀ ਟੀਕਾਕਰਨ ਮੁਹਿੰਮ ਨੇ ਸਿੱਧ ਕਰ ਦਿੱਤਾ ਹੈ ਕਿ ਬ੍ਰਿਟੇਨ ਕਿੰਨੀ ਜਲਦੀ ਅਤੇ ਕਿੰਨੇ ਵੱਡੇ ਪੱਧਰ ‘ਤੇ ਉਪਲਬਧੀ ਹਾਸਲ ਕਰ ਸਕਦਾ ਹੈ।” ਉਹਨਾਂ ਨੇ ਕਿਹਾ ਕਿ ਸਹੀ ਦਿਸ਼ਾ, ਗਤੀ ਅਤੇ ਸਮਰਥਨ ਨਾਲ ਅਸੀਂ ਅਜਿਹੀ ਵਿਗਿਆਨਕ ਅਤੇ ਤਕਨੀਕੀ ਉਪਲਬਧੀਆਂ ਹਾਸਲ ਕਰ ਸਕਦੇ ਹਾਂ ਜੋ ਬ੍ਰਿਟੇਨ ਅਤੇ ਵਿਸ਼ਵ ਦੇ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ। 

ਇਸ ਲਈ ਮੈਂ ਸਰਕਾਰ ਦੇ ਕੇਂਦਰ ਵਿਚ ਇਕ ਨਵੀਂ ਮੰਤਰੀ ਮੰਡਲ ਪਰੀਸ਼ਦ ਅਤੇ ਦਫਤਰ ਦਾ ਗਠਨ ਕਰ ਰਿਹਾ ਹਾਂ ਤਾਂ ਜੋ ਅਸੀਂ ਖੋਜ ਅਤੇ ਤਕਨਾਲੋਜੀ ਦੇ ਖੇਤਰ ਵਿਚ ਉਹਨਾਂ ਬੇਅੰਤ ਸੰਭਾਵਨਾਵਾਂ ਨੂੰ ਲੱਭਣ ਵਿਚ ਸਫਲ ਹੋ ਸਕੀਏ, ਜਿਹਨਾਂ ਨਾਲ ਬ੍ਰਿਟੇਨ ਵਿਗਿਆਨ ਜਗਤ ਵਿਚ ਇਕ ਗਲੋਬਲ ਮਹਾਸ਼ਕਤੀ ਦੇ ਤੌਰ ‘ਤੇ ਸਥਾਪਿਤ ਹੋ ਸਕੇ। ਬ੍ਰਿਟੇਨ ਦੀ ਸਰਕਾਰ ਨੇ ਕਿਹਾ ਕਿ ਉਹ ਵਰਤਮਾਨ ਵਿਚ 2021-22 ਲਈ ਖੋਜ ਅਤੇ ਵਿਕਾਸ ਵਿਚ 1490 ਕਰੋੜ ਪੌਂਡ ਦਾ ਨਿਵੇਸ਼ ਕਰ ਰਹੀ ਹੈ ਜੋ ਕਿ ਚਾਰ ਦਹਾਕਿਆਂ ਵਿਚ ਸਭ ਤੋਂ ਵੱਧ ਹੈ।