UK News

ਜੌਹਨਸਨ ਵੱਲੋਂ ਲੌਕਡਾਊਨ ਖੁੱਲ੍ਹਣ ’ਤੇ ਲੋਕਾਂ ਨੂੰ ਇਹਤਿਆਤ ਰੱਖਣ ਦੀ ਬੇਨਤੀ

ਲੰਡਨ:ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਲੌਕਡਾਊਨ ਪਾਬੰਦੀਆਂ ’ਚ ਨਰਮੀ ਦੇ ਸੰਕੇਤ ਦਿੰਦਿਆਂ ਲੋਕਾਂ ਨੂੰ ਕਿਹਾ ਹੈ ਕਿ ਉਹ ਵਧੇਰੇ ਇਹਤਿਆਤ ਰੱਖਣ। ਭਾਰਤ ’ਚ ਕੋਵਿਡ-19 ਦੇ ਮਿਲੇ ਨਵੇਂ ਸਰੂਪ ਬੀ1.617.2 ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਮਗਰੋਂ ਇੰਗਲੈਂਡ ’ਚ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜੌਹਨਸਨ ਨੇ ਇੰਗਲੈਂਡ, ਵੇਲਜ਼ ਅਤੇ ਸਕੌਟਲੈਂਡ ’ਚ ਪਾਬੰਦੀਆਂ ਹਟਾਉਣ ਬਾਰੇ ਵਿਚਾਰ ਕੀਤਾ ਹੈ। ਇਸ ਤਹਿਤ ਪੱਬ, ਰੈਸਟੋਰੈਂਟ ਅਤੇ ਸਿਨੇਮਾਘਰ ਖੋਲ੍ਹੇ ਜਾ ਸਕਦੇ ਹਨ ਅਤੇ ਜ਼ਿਆਦਾਤਰ ਕਾਰੋਬਾਰ ਆਮ ਵਾਂਗ ਸ਼ੁਰੂ ਹੋ ਸਕਦੇ ਹਨ। ਇੰਗਲੈਂਡ ’ਚ ਲੌਕਡਾਊਨ ਖੁੱਲ੍ਹਣ ਮਗਰੋਂ ਭਾਰਤੀ ਕਰੋਨਾਵਾਇਰਸ ਦੇ ਨਵੇਂ ਸਰੂਪ ਦੇ ਫੈਲਣ ਦੇ ਖ਼ਦਸ਼ੇ ਕਾਰਨ ਟੈਸਟਿੰਗ ਅਤੇ ਟੀਕਾਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਚਿਤਾਵਨੀ ਦਿੱਤੀ ਹੈ ਕਿ ਜਿਹੜੇ ਵਿਅਕਤੀਆਂ ਨੇ ਟੀਕੇ ਨਹੀਂ ਲਗਵਾਏ ਹਨ, ਉਨ੍ਹਾਂ ’ਚ ਭਾਰਤੀ ਲਾਗ ਜੰਗਲ ਦੀ ਅੱਗ ਵਾਂਗ ਫੈਲ ਸਕਦੀ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਲੋਕਾਂ ਨੂੰ ਕਿਹਾ ਕਿ ਉਹ ਹਫ਼ਤੇ ’ਚ ਦੋ ਵਾਰ ਆਪਣੇ ਟੈਸਟ ਜ਼ਰੂਰ ਕਰਵਾਉਣ ਅਤੇ ਵੈਕਸੀਨ ਲਗਵਾਉਣ। ਇਸ ਦੇ ਨਾਲ ਹੱਥ ਧੋਣੇ, ਸਮਾਜਿਕ ਦੂਰੀ ਅਤੇ ਖੁੱਲ੍ਹੀ ਹਵਾ ’ਚ ਵਿਚਰਨ ਦੇ ਨਿਰਦੇਸ਼ਾਂ ਨੂੰ ਉਹ ਨਾ ਭੁੱਲਣ। ਮਾਹਿਰਾਂ ਮੁਤਾਬਕ ਲਾਗ ਦੀ ਨਵੀਂ ਕਿਸਮ ਭਾਵੇਂ ਤੇਜ਼ੀ ਨਾਲ ਫੈਲਦੀ ਹੈ ਪਰ ਸ਼ੁਰੂਆਤੀ ਅੰਕੜਿਆਂ ਮੁਤਾਬਕ ਵੈਕਸੀਨ ਉਸ ਖ਼ਿਲਾਫ਼ ਅਸਰ ਕਰਦੀ ਹੈ।