World

‘ਜੌਹਲ ਦੀ ਗ੍ਰਿਫਤਾਰੀ ਨਾਲ ਸਬੰਧਤ ਹੋ ਸਕਦੈ ਯੂ. ਕੇ. ‘ਚ ਸਿੱਖਾਂ ਦੇ ਘਰਾਂ ‘ਚ ਛਾਪੇਮਾਰੀ ਦਾ ਮਾਮਲਾ’

ਲੰਡਨ — ਬੀਤੇ ਮੰਗਲਵਾਰ ਨੂੰ ਬ੍ਰਿਟੇਨ ਸਥਿਤ ਵੈਸਟ ਮਿਡਲੈਂਡਸ ‘ਚ ਸਥਿਤ ਕੁਝ ਸਿੱਖਾਂ ਦੇ ਘਰਾਂ ‘ਚ ਛਾਪੇਮਾਰੀ ਕੀਤੀ ਗਈ। ਸਿੱਖਾਂ ਦੇ ਇਕ ਸਮੂਹ ਦਾ ਦਾਅਵਾ ਹੈ ਕਿ ਇਸ ਛਾਪੇਮਾਰੀ ਦੇ ਤਾਰ ਪੰਜਾਬ ‘ਚ ਗ੍ਰਿਫਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨਾਲ ਜੁੜੇ ਹੋ ਸਕਦੇ ਹਨ। ਇਹ ਛਾਪੇਮਾਰੀ ਬ੍ਰਿਟੇਨ ‘ਚ ਅੱਤਵਾਦ ਰੋਕੂ ਅਧਿਕਾਰੀਆਂ ਵਲੋਂ ਭਾਰਤ ‘ਚ ਅੱਤਵਾਦੀ ਗਤੀਵਿਧੀਆਂ ਅਤੇ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਕੀਤੀ ਗਈ। ਹਾਲਾਂਕਿ ਇਸ ਛਾਪੇਮਾਰੀ ਦੌਰਾਨ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇੱਥੇ ਦੱਸ ਦੇਈਏ ਕਿ ਜੌਹਲ ਨੂੰ ਬੀਤੇ ਸਾਲ ਨਵੰਬਰ ਮਹੀਨੇ ਪੰਜਾਬ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਪੰਜਾਬ ‘ਚ ਇਕ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਆਇਆ ਸੀ। ਜੌਹਲ ਨੂੰ ਅਸ਼ਾਂਤੀ ਫੈਲਾਉਣ ਅਤੇ ਇਕ ਹਿੰਦੂ ਨੇਤਾ ਦੇ ਕਤਲ ਦੇ ਸ਼ੱਕ ‘ਚ ਗ੍ਰਿਫਤਾਰ ਕੀਤਾ ਗਿਆ। ਯੂ. ਕੇ. ਵਿਚ ਜੌਹਲ ਦੀ ਰਿਹਾਈ ਨੂੰ ਲੈ ਕੇ ਮੁਹਿੰਮ ਛੇੜੀ ਗਈ, ਜਿਸ ‘ਚ ਉਸ ਨੂੰ ਹਿਰਾਸਤ ਦੌਰਾਨ ਤਸੀਹੇ ਦੇਣ ਦੀ ਗੱਲ ਕੀਤੀ ਗਈ ਹੈ।

ਓਧਰ ਪੁਲਸ ਨੇ ਇਸ ਛਾਪੇਮਾਰੀ ਦੇ ਮਾਮਲੇ ਨੂੰ ਲੈ ਕੇ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ ਪਰ ਸਿੱਖ ਫੈੱਡਰੈਸ਼ਨ (ਯੂ. ਕੇ.) ਨੇ ਕਿਹਾ ਕਿ ਬਰਮਿੰਘਮ, ਲੈਸਟਰ, ਲੰਡਨ ਅਤੇ ਕੋਵੈਂਟਰੀ ਸਥਿਤ 6 ਸਿੱਖ ਵਰਕਰਾਂ ਦੇ ਘਰਾਂ ‘ਚ ਛਾਪੇਮਾਰੀ ਕੀਤੀ ਗਈ। ਉਹ ਜੌਹਲ ਨੂੰ ਰਿਹਾਅ ਕਰਨ ਦੀ ਮੁਹਿੰਮ ਨਾਲ ਜੁੜੇ ਹੋਏ ਸਨ। ਇਕ ਬਿਆਨ ‘ਚ ਦੱਸਿਆ ਗਿਆ ਕਿ ਛਾਪੇਮਾਰੀ 70 ਪੁਲਸ ਅਧਿਕਾਰੀਆਂ ਵਲੋਂ ਕੀਤੀ ਗਈ। ਇਹ ਛਾਪੇਮਾਰੀ 12 ਤੋਂ 36 ਘੰਟਿਆਂ ਦੀ ਸੀ, ਜਿਸ ‘ਚ ਸਿਰਫ ਸਿੱਖ ਵਰਕਰਾਂ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ ਗਿਆ, ਸਗੋਂ ਉਨ੍ਹਾਂ ਦੇ ਬਜ਼ੁਰਗ ਮਾਪਿਆਂ ਅਤੇ ਛੋਟੇ ਬੱਚਿਆਂ ਨੂੰ ਵੀ ਪਰੇਸ਼ਾਨ ਕੀਤਾ ਗਿਆ। ਸਮੂਹ ਨੇ ਕਿਹਾ ਕਿ ਛਾਪੇਮਾਰੀ ਖੁਫੀਆ ਜਾਣਕਾਰੀ ‘ਤੇ ਆਧਾਰਿਤ ਨਹੀਂ ਸੀ ਪਰ ਭਾਰਤੀ ਅਧਿਕਾਰੀਆਂ ਨੂੰ ਦਿਖਾਉਣ ਲਈ ਕੀਤੀ ਗਈ ਕਿ ਯੂ. ਕੇ. ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਤਿਆਰ ਹੈ। ਸਿੱਖ ਫੈੱਡਰੇਸ਼ਨ (ਯੂ. ਕੇ.) ਦੇ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਪੁਲਸ ਅਧਿਕਾਰੀਆਂ ਨੇ ਗਲਤ ਕੀਤਾ। ਜਿਸ ਤਰੀਕੇ ਨਾਲ ਉਨ੍ਹਾਂ ਨੇ ਪਰਿਵਾਰਾਂ ਨਾਲ ਵਿਵਹਾਰ ਕੀਤਾ ਗਿਆ, ਪੁਲਸ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।