Menu

ਟਰੰਪ ਦੇ ‘ਸਟੀਲ ਵਾਰ’ ਨਾਲ ਭਾਰਤ ਨੂੰ ਪਵੇਗਾ ਘਾਟਾ

nobanner

ਨਵੀਂ ਦਿੱਲੀ— ਟਰੰਪ ਦੇ ‘ਸਟੀਲ ਵਾਰ’ ਨਾਲ ਭਾਰਤ ਦਾ ਅਮਰੀਕਾ ਨਾਲ ਵਪਾਰ ਘਾਟਾ ਵਧਣ ਦਾ ਖਦਸ਼ਾ ਹੈ। ਅਮਰੀਕਾ ਨੇ ਸਿਰਫ ਦੋ ਦੇਸ਼ਾਂ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ‘ਤੋਂ ਹੋਣ ਵਾਲੇ ਸਟੀਲ ਅਤੇ ਐਲੂਮੀਨੀਅਮ ਇੰਪੋਰਟ ‘ਤੇ ਟੈਕਸ ਲਾਉਣ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਯਾਨੀ 8 ਮਾਰਚ ਨੂੰ ਇੰਪੋਰਟ ਡਿਊਟੀ ਲਾਉਣ ਸੰਬੰਧੀ ਪ੍ਰਸਤਾਵ ‘ਤੇ ਦਸਤਖਤ ਕੀਤੇ ਹਨ, ਜਿਸ ਤਹਿਤ 23 ਮਾਰਚ ਤੋਂ ਸਟੀਲ ‘ਤੇ 25 ਫੀਸਦੀ ਅਤੇ ਐਲੂਮੀਨੀਅਮ ‘ਤੇ 10 ਫੀਸਦੀ ਇੰਪੋਰਟ ਡਿਊਟੀ ਲੱਗੇਗੀ। ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਨੂੰ ਹੀ ਇਸ ‘ਚ ਛੋਟ ਦਿੱਤੀ ਹੈ। ਇਹ ਛੋਟ ਵੀ ਉਦੋਂ ਤਕ ਹੀ ਹੋਵੇਗੀ ਜਦੋਂ ਤਕ ‘ਨਾਫਟਾ’ ਨੂੰ ਲੈ ਕੇ ਗੱਲਬਾਤ ਪੂਰੀ ਨਹੀਂ ਹੋ ਜਾਂਦੀ। ਅਮਰੀਕਾ ਦੇ ਕੈਨੇਡਾ ਅਤੇ ਮੈਕਸੀਕੋ ਨਾਲ ਕੁਝ ਵਪਾਰਕ ਮਸਲੇ ਹਨ, ਜਿਨ੍ਹਾਂ ਨੂੰ ਉਹ ਹੱਲ ਕਰਨਾ ਚਾਹੁੰਦਾ ਹੈ। ਟਰੰਪ ਨੇ ਕਿਹਾ ਸੀ, ”ਸਾਡਾ ਮੈਕਸਿਕੋ ਅਤੇ ਕੈਨੇਡਾ ਨਾਲ ਵੱਡਾ ਵਪਾਰ ਘਾਟਾ ਹੈ।’ਉੱਤਰੀ ਅਮਰੀਕਾ ਵਪਾਰ ਮੁਕਤ ਸਮਝੌਤਾ (ਨਾਫਟਾ) ਜੋ ਕਿ ਇਸ ਵੇਲੇ ਮੁੜ ਵਿਚਾਰ ਅਧੀਨ ਹੈ, ਅਮਰੀਕਾ ਲਈ ਘਾਟੇ ਦਾ ਸੌਦਾ ਦਾ ਹੈ।” ਹਾਲ ਦੀ ਘੜੀ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਛੋਟ ਦੇ ਕੇ ਟਰੰਪ ਨੇ ਆਪਸ ‘ਚ ਵਪਾਰਕ ਮਸਲੇ ਹੱਲ ਕਰਨ ਦਾ ਸਮਾਂ ਦਿੱਤਾ ਹੈ।

ਭਾਰਤੀ ਸਟੀਲ-ਐਲੂਮੀਨੀਅਮ ਕੰਪਨੀਆਂ ਨੂੰ ਪਵੇਗਾ ਘਾਟਾ!
ਸਟੀਲ ਅਤੇ ਐਲੂਮੀਨੀਅਮ ‘ਤੇ ਇੰਪੋਰਟ ਡਿਊਟੀ ਲਾਉਣ ਨਾਲ ਭਾਰਤੀ ਕੰਪਨੀਆਂ ਨੂੰ ਘਾਟਾ ਪਵੇਗਾ। ਭਾਰਤ ਦੇ ਅਮਰੀਕਾ ਨੂੰ ਹੋਣ ਵਾਲੇ ਕੁੱਲ ਐਕਸਪੋਰਟ ‘ਚ ਐਲੂਮੀਨੀਅਮ ਅਤੇ ਸਟੀਲ ਦੀ ਹਿੱਸੇਦਾਰੀ 3 ਫੀਸਦੀ ਹੈ। ਸਾਲ-ਦਰ-ਸਾਲ ਅਮਰੀਕਾ ਨੂੰ ਹੋਣ ਵਾਲੇ ਸਟੀਲ ਐਕਸਪੋਰਟ ‘ਚ ਮਾਤਰਾ ਅਤੇ ਕੀਮਤਾਂ ਦੇ ਹਿਸਾਬ ਨਾਲ ਕਮੀ ਆਈ ਹੈ। ਅਜਿਹੇ ‘ਚ ਟਰੰਪ ਦੇ ਡਿਊਟੀ ਲਾਉਣ ਨਾਲ ਭਾਰਤੀ ਸਟੀਲ ਐਕਸਪੋਰਟ ‘ਤੇ ਹੋਰ ਮਾਰ ਪਵੇਗੀ। 2013-14 ‘ਚ ਭਾਰਤ ਦਾ ਅਮਰੀਕਾ ਨੂੰ ਸਟੀਲ ਅਤੇ ਇਸ ਦੇ ਸਾਮਾਨਾਂ ਦਾ ਐਕਸਪੋਰਟ ਕ੍ਰਮਵਾਰ 581 ਮਿਲੀਅਨ ਡਾਲਰ ਅਤੇ 1328 ਮਿਲੀਅਨ ਡਾਲਰ ਰਿਹਾ ਸੀ, ਜੋ 2014-15 ‘ਚ ਵਧ ਕੇ ਕ੍ਰਮਵਾਰ 700 ਤੇ 1712 ਮਿਲੀਅਨ ਡਾਲਰ ‘ਤੇ ਪਹੁੰਚ ਗਿਆ ਪਰ ਇਸ ਦੇ ਬਾਅਦ ਲਗਾਤਾਰ ਦੋ ਸਾਲਾਂ ਤਕ ਭਾਰਤ ਦਾ ਸਟੀਲ ਐਕਸਪੋਰਟ ਘੱਟ ਰਿਹਾ। 2015-16 ‘ਚ ਸਟੀਲ ਅਤੇ ਇਸ ਦੇ ਸਾਮਾਨਾਂ ਦਾ ਐਕਸਪੋਰਟ ਘੱਟ ਕੇ ਕ੍ਰਮਵਾਰ 405 ਮਿਲੀਅਨ ਡਾਲਰ ਅਤੇ 1232 ਮਿਲੀਅਨ ਡਾਲਰ ‘ਤੇ ਆ ਗਿਆ ਅਤੇ 2016-17 ‘ਚ ਸਟੀਲ ਦਾ ਐਕਸਪੋਰਟ ਹੋਰ ਘੱਟ ਕੇ 330 ਮਿਲੀਅਨ ਡਾਲਰ ‘ਤੇ ਹੇਠਾਂ ਆ ਗਿਆ। ਹਾਲਾਂਕਿ ਸਟੀਲ ਆਰਟੀਕਲ ਦਾ ਐਕਸਪੋਰਟ ਮਾਮੂਲੀ ਵਧ ਕੇ 1263 ਮਿਲੀਅਨ ਡਾਲਰ ਰਿਹਾ।