India News

ਠੱਗ ਕਿਸਮ ਦੇ ਟ੍ਰੈਵਲ ਏਜੰਟ ਹੀ ਹਨ ਪੰਜਾਬੀ ਨੌਜਵਾਨਾਂ ਦੀ ਬਰਬਾਦੀ ਦਾ ਕਾਰਨ

ਦਰਅਸਲ, ਹੁਣ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਦੀਆਂ ਹਦਾਇਤਾਂ ’ਤੇ ਇਮੀਗ੍ਰੇਸ਼ਨ ਸ਼ਰਤਾਂ ਬਹੁਤ ਸਖ਼ਤ ਕਰ ਦਿੱਤੀਆਂ ਗਈਆਂ ਹਨ। ਐੱਚ–1ਬੀ ਵੀਜ਼ਾ ਵਿੱਚ ਵੀ ਬਹੁਤ ਸਖ਼ਤੀ ਕਰ ਦਿੱਤੀ ਗਈ ਹੈ। ਇਸੇ ਲਈ ਹੁਣ ਅਮਰੀਕੀ ਪ੍ਰਸ਼ਾਸਨ ਦੀ ਪਹਿਲਕਦਮੀ ’ਤੇ ਹੀ ਮੈਕਸੀਕੋ ਸਰਕਾਰ ਨੇ 311 ਭਾਰਤੀਆਂ ਨੂੰ ਡੀਪੋਰਟ ਕੀਤਾ ਹੈ।
ਡੀਪੋਰਟ ਕੀਤੇ ਭਾਰਤੀਆਂ ਵਿੱਚੋਂ ਕੁਝ ਸਾਫ਼ਟਵੇਅਰ ਇੰਜੀਨੀਅਰ ਵੀ ਹਨ। ਅਮਰੀਕਾ ’ਚ ਨਾਜਾਇਜ਼ ਢੰਗ ਨਾਲ ਜਾਣ ਲਈ ਲੋਕ ਅੱਜ ਕੱਲ੍ਹ ਮੈਕਸੀਕੋ ਤੇ ਹੰਗਰੀ ਨੂੰ ਚੁਣ ਰਹੇ ਹਨ। ਕੱਲ੍ਹ ਮੈਕਸੀਕੋ ਤੋਂ ਡੀਪੋਰਟ ਹੋ ਕੇ ਪੁੱਜੇ 311 ਭਾਰਤੀਆਂ ਵਿੱਚੋਂ ਇੱਕ ਔਰਤ ਵੀ ਸ਼ਾਮਲ ਹੈ।
ਇਸ ਦੌਰਾਨ ਭਾਰਤ ਨੇ ਇੰਜੀਨੀਅਰਾਂ, ਆਈਟੀ ਪ੍ਰੋਫ਼ੈਸ਼ਨਲਜ਼ ਲਈ ਅਮਰੀਕਾ ਦੇ ਐੱਚ–1ਬੀ ਵੀਜ਼ਾ ਵਿੱਚ ਨਰਮੀ ਵਰਤਣ ਦੀ ਅਪੀਲ ਕੀਤੀ ਹੈ। ਹਾਲੇ ਉਸ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ। ਇਸ ਕਾਰਨ ਅਮਰੀਕਾ ਵਿੱਚ ਸਾਫ਼ਟਵੇਅਰ ਕੰਪਨੀਆਂ ਨੂੰ ਪ੍ਰਤਿਭਾਸ਼ਾਲੀ ਸਾਫ਼ਟਵੇਅਰ ਇੰਜੀਨੀਅਰਾਂ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ।
ਮੈਕਸੀਕੋ ਪੁੱਜੇ ਭਾਰਤੀਆਂ ਨੂੰ ਉਸ ਦੇਸ਼ ਦੇ ਸੂਬਿਆਂ ਓਕਸਾਕਾ, ਬਾਜਾ ਕੈਲੀਫ਼ੋਰਨੀਆ, ਵੇਰਾਕਰੂਜ਼, ਚਿਆਪਾਸ, ਸੋਨੋਰਾ, ਮੈਕਸੀਕੋ ਸਿਟੀ, ਡੁਰੰਗੋ ਤੇ ਤਬੱਸਕੋ ’ਚ ਕਈ ਮਹੀਨਿਆਂ ਦੌਰਾਨ ਵੱਖੋ–ਵੱਖਰੇ ਸਥਾਨਾਂ ’ਤੇ ਫੜਿਆ ਗਿਆ।
ਮੈਕਸੀਕੋ ਦੇ ਅਧਿਕਾਰੀਆਂ ਦਾ ਦੋਸ਼ ਹੈ ਕਿ ਇਹ ਭਾਰਤੀ ਨਾਜਾਇਜ਼ ਤਰੀਕੇ ਅਮਰੀਕਾ ’ਚ ਦਾਖ਼ਲ ਹੋਣ ਲਈ ਪਿਛਲੇ ਕੁਝ ਮਹੀਨਿਆਂ ਦੌਰਾਨ ਮੈਕਸੀਕੋ ਪੁੱਜੇ ਸਨ। ਉੱਥੇ ਉਨ੍ਹਾਂ ਸਭਨਾਂ ਨੂੰ ਐਮਰਜੈਂਸੀ ਸਰਟੀਫ਼ਿਕੇਟ ਜਾਰੀ ਕੀਤਾ ਗਿਆ ਸੀ। ਇਹ ਅਸਲ ਵਿੱਚ ਇੱਕ ਯਾਤਰਾ ਦਸਤਾਵੇਜ਼ ਹੁੰਦਾ ਹੈ; ਜਿਸ ਦੇ ਆਧਾਰ ਉੱਤੇ ਉਹ ਸਾਰੇ ਕੱਲ੍ਹ ਹੰਗਾਮੀ ਹਾਲਾਤ ਵਿੱਚ ਭਾਰਤ ’ਚ ਦਾਖ਼ਲ ਹੋ ਸਕੇ।
ਇਹ ਸਰਟੀਫ਼ਿਕੇਟ ਉਨ੍ਹਾਂ ਨੂੰ ਜਾਰੀ ਕੀਤੇ ਜਾਂਦੇ ਹਨ; ਜਿਨ੍ਹਾਂ ਦੇ ਯਾਤਰਾ ਦਸਤਾਵੇਜ਼ ਜਾਂ ਤਾਂ ਗੁੰਮ ਹੋ ਗਏ ਹੋਣ ਤੇ ਜਾਂ ਉਹ ਕਿਸੇ ਕਾਰਨ ਖ਼ਰਾਬ ਹੋ ਗਏ ਹੋਣ ਅਤੇ ਜਾਂ ਫਿਰ ਜਿਨ੍ਹਾਂ ਕੋਲ ਕੋਈ ਵੈਧ ਟ੍ਰੈਵਲ ਦਸਤਾਵੇਜ਼ ਹੀ ਨਾ ਹੋਵੇ।
ਕੱਲ੍ਹ ਡੀਪੋਰਟ ਹੋ ਕੇ ਵਤਨ ਪਰਤੇ ਲਗਭਗ ਸਾਰੇ ਹੀ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਠੱਗ ਕਿਸਮ ਦੇ ਟ੍ਰੈਵਲ ਏਜੰਟਾਂ ਦੇ ਹੀ ਸ਼ਿਕਾਰ ਹੋਏ ਹਨ।