India News

ਡਾਕਟਰਾਂ ਨੇ ਤਿੰਨ ਹਫਤੇ ਦੀ ਬੱਚੀ ਦੀ ਕੀਤੀ ਓਪਨ ਹਾਰਟ ਸਰਜ਼ਰੀ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਤਿੰਨ ਹਫਤੇ ਦੀ ਇਕ ਬੱਚੀ ਦੀ ਓਪਨ ਹਾਰਟ ਸਰਜ਼ਰੀ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਹ ਬੱਚੀ ਦੁਰਲਭ ਬੀਮਾਰੀ ਨਾਲ ਪੀੜਤ ਸੀ। 19 ਦਿਨਾਂ ਦੀ ਇਸ ਬੱਚੀ ਨੂੰ 10 ਅਪ੍ਰੈਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਦੋਂ ਉਸ ਦੀ ਹਾਲਤ ਨਾਜੁਕ ਸੀ।
ਡਾਕਟਰਾਂ ਨੇ ਦੱਸਿਆ ਕਿ ਬੱਚੀ ਦਾ ਇਲਾਜ ਕਰਨ ਦੌਰਾਨ ਡਾਕਟਰਾਂ ਨੂੰ ਪੈਰ-ਪੈਰ ‘ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਬੱਚੀ ਦਾ ‘ਇਨਫਰਾ ਡਾਈਫਰੇਗਮੇਟਿਕ ਟੋਟਲ ਐਨੋਮੈਲਸ ਪੂਲਮਨੇਰੀ ਵੇਨਸ ਕੁਨੈਕਸ਼ਨ’ ਨਾਮ ਦੀ ਬੀਮਾਰੀ ਨਾਲ ਪੀੜਤ ਹੋਣ ਦਾ ਪਤਾ ਲੱਗਿਆ ਅਤੇ ਉਸ ਦੇ ਫੇਫੜੇ ਚੋਂ ਅਕਸੀਜਨਯੁਕਤ ਖੂਨ ਦਿਲ ਤੱਕ ਨਹੀਂ ਪਹੁੰਚ ਰਿਹਾ ਸੀ। ਇੰਦਰਾਪ੍ਰਸਤ ਅਪੋਲੋ ਹਸਪਤਾਲ ਦੇ ਬਾਲ ਦਿਲ ਦੇ ਰੋਗਾਂ ਦੇ ਸਪੈਸ਼ਲ ਸੀਨੀਅਰ ਡਾਕਟਰ ਮਨੀਸ਼ਾ ਚੱਕਰਵਤੀ ਨੇ ਦੱਸਿਆ ਕਿ ਜਾਨ ਬਚਾਉਣ ਲਈ ਕਿਸੇ ਵੀ ਤਰ੍ਹਾਂ ਨਾਲ ਖੂਨ ਦਾ ਦਿਲ ਤੱਕ ਪਹੁੰਚਣਾ ਜ਼ਰੂਰੀ ਸੀ। ਉਸ ਦੀ ਹਾਲਤ ‘ਚ ਇਕ ਚੈਨਲ ਰਾਹੀ ਖੂਨ ਨਿਕਲ ਰਿਹਾ ਸੀ, ਜੋ ਜਿਗਰ ‘ਚ ਇਕ ਨਸ ‘ਚ ਜਾ ਰਿਹਾ ਸੀ। ਇਸ ਕਾਰਨ ਫੇਫੜੇ ‘ਤੇ ਦਬਾਅ ਜ਼ਿਆਦਾ ਬਣ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਬੱਚੀ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ ਤਾਂ ਉਸ ਦੇ ਫੇਫੜੇ ਦਾ ਦਬਾਅ ਬਹੁਤ ਜ਼ਿਆਦਾ ਸੀ ਪਰ ਸਭ ਤੋਂ ਵੱਡੀ ਮੁਸ਼ਕਿਲ ਉਸ ਦੀ ਸਮੂਚੀ ਸਿਹਤ ਸੀ। ਉਹ ਸਿਰਫ 2.2 ਕਿਲੋਗ੍ਰਾਮ ਦੀ ਸੀ ਅਤੇ ਬਹੁਤ ਕਮਜ਼ੋਰ ਵੀ ਸੀ।
ਡਾਕਟਰਾਂ ਨੇ ਦਾਅਵਾ ਕੀਤਾ ਕਿ ਉਹ ਸ਼ਾਇਦ (ਭਾਰ ਦੇ ਹਿਸਾਬ ਨਾਲ) ਸਭ ਤੋਂ ਛੋਟੀ ਹੈ, ਜਿਸ ਦੀ ਸਾਡੇ ਸੰਸਥਾ ‘ਚ ਓਪਨ ਹਾਰਟ ਸਰਜ਼ਰੀ ਕੀਤੀ ਗਈ ਹੈ। ਇਸ ਲਈ ਹੋਰ ਮਾਮਲਿਆਂ ਦੀ ਤੁਲਨਾ ‘ਚ ਉਸ ਦੇ ਇਲਾਜ ਦਾ ਤਰੀਕਾ ਵੀ ਵਿਸ਼ੇਸ਼ ਸੀ। ਅਪਰੇਸ਼ਨ ਤੋਂ ਬਾਅਦ ਉਸ ਨੂੰ ਇਕ ਹਫਤੇ ਤੱਕ ‘ਬਾਲ ਇੰਟੇਸੀਵ ਕੇਅਰ ਯੂਨਿਟ’ (ਬੱਚਿਆਂ ਦਾ ਆਈ. ਸੀ. ਯੂ) ‘ਚ ਰੱਖਿਆ ਗਿਆ। ਉਸ ਦੀ ਹਾਲਤ ‘ਚ ਸਹੀ ਤਰੀਕੇ ਨਾਲ ਸੁਧਾਰ ਹੋਣ ‘ਤੇ ਹੀ ਉਸ ਨੂੰ 21 ਅਪਰੈਲ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।