UK News

ਤਲਾਕ ਮਗਰੋਂ ਪਤਨੀ ਨੂੰ ਨਾ ਦੇਣਾ ਪਏ ਹਿੱਸਾ, ਪਤੀ ਨੇ ਨਸ਼ੇ ’ਚ ਲਾਈ 5.6 ਕਰੋੜ ਦੇ ਘਰ ਨੂੰ ਅੱਗ

ਲੰਡਨ : ਬ੍ਰਿਟੇਨ ਵਿਚ ਇਕ ਵਿਅਕਤੀ ਨੇ ਪਤਨੀ ਨੂੰ ਤਲਾਕ ਦੇ ਬਾਅਦ ਉਸ ਦਾ ਹਿੱਸਾ ਲੈਣ ਤੋਂ ਰੋਕਣ ਲਈ ਕਰੋੜਾਂ ਦੇ ਆਪਣੇ ਘਰ ਨੂੰ ਖ਼ੁਦ ਹੀ ਅੱਗ ਲੱਗਾ ਦਿੱਤੀ। ਸੜੇ ਹੋਏ ਘਰ ਦੀ ਕੀਮਤ 550,000 ਪੌਂਡ ਜਾਂ 56804550 ਰੁਪਏ ਦੱਸੀ ਗਈ ਹੈ। ਇੰਨਾ ਹੀ ਨਹੀਂ, ਉਸ ਵਿਅਕਤੀ ਨੇ ਅੱਗ ਦੇ ਬਾਅਦ ਫਾਇਰ ਵਿਭਾਗ ਨੂੰ ਫੋਨ ਤੱਕ ਨਹੀਂ ਕੀਤਾ। ਅੱਗ ਨਾਲ ਹੋਏ ਨੁਕਸਾਨ ਦੀ ਭਰਪਾਈ ਨਾ ਹੋ ਸਕੇ, ਇਸ ਲਈ ਪਤੀ ਨੇ ਪਤਨੀ ਨੂੰ ਬਿਨਾਂ ਦੱਸੇ ਇੰਸ਼ੋਰੈਂਸ ਦੇ ਪ੍ਰੀਮੀਅਮ ਦਾ ਭੁਗਤਾਨ ਤੱਕ ਨਹੀਂ ਕੀਤਾ ਸੀ।

ਇਸ ਪੂਰੇ ਮਾਮਲੇ ਦਾ ਖੁਲਾਸਾ ਐਕਸੈਟਰ ਕਰਾਊਨ ਕੋਰਟ ਵਿਚ ਸੁਣਵਾਈ ਦੌਰਾਨ ਹੋਇਆ। ਪੁਲਸ ਅਤੇ ਫਾਇਰ ਵਿਭਾਗ ਨੇ ਅਦਾਲਤ ਨੂੰ ਦੱਸਿਆ ਕਿ ਇਹ ਅੱਗ ਹਾਦਸਾ ਨਹੀਂ, ਸਗੋਂ ਜਾਨਬੁੱਝ ਕੇ ਲਗਾਈ ਗਈ ਸੀ। ਜਾਂਚਕਰਤਾਵਾਂ ਨੇ ਅੱਗ ਲਗਾਉਣ ਲਈ 75 ਸਾਲਾ ਜੌਹਨ ਮੈਕਰੋਰੀ ਨੂੰ ਦੋਸ਼ੀ ਦੱਸਿਆ। ਉਨ੍ਹਾਂ ਕਿਹਾ ਕਿ ਮੈਕਾਰੀ ਘਰ ਦੀ ਹੋਣ ਵਾਲੀ ਨੀਲਾਮੀ ਤੋਂ ਨਾਖ਼ੁਸ਼ ਸਨ।

ਇਸ ਘਰ ਵਿਚ ਜੌਹਨ ਮੈਕਰੋਰੀ ਅਤੇ ਉਨ੍ਹਾਂ ਪਤਨੀ ਹਿਲੇਰੀ 20 ਸਾਲ ਤੱਕ ਇਕੱਠੇ ਰਹਿ ਰਹੇ ਸਨ। ਉਨ੍ਹਾਂ ਨੇ ਘਰ ਨੂੰ ਅੱਗ ਲਗਾਉਣ ਤੋਂ ਪਹਿਲਾਂ ਕਾਫ਼ੀ ਸ਼ਰਾਬ ਪੀਤੀ ਅਤੇ ਬਾਅਦ ਵਿਚ ਪ੍ਰੋਪੇਨ ਗੈਸ ਦੇ ਸਿਲੰਡਰਾਂ ਵਿਚ ਬਲੋਟਾਰਚ ਦੀ ਮਦਦ ਨਾਲ ਅੱਗ ਲਗਾ ਦਿੱਤੀ। ਅੱਗ ਨੂੰ ਲਗਾਉਣ ਦੇ ਬਾਅਦ ਉਹ ਆਰਾਮ ਨਾਲ ਕੁਰਸੀ ’ਤੇ ਬੈਠ ਗਏ ਅਤੇ ਫਿਰ ਤੋਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਗੁਆਂਢੀਆਂ ਦੇ ਇਕੱਠਾ ਹੋਣ ’ਤੇ ਕਿਹਾ ਕਿ ‘ਮੈਂ ਇਸ ਨੂੰ ਸੜ੍ਹਦੇ ਹੋਏ ਦੇਖ ਰਿਹਾ ਹਾਂ।’

 

ਜਾਂਚਕਰਤਾਵਾਂ ਨੇ ਅਦਾਲਤ ਨੂੰ ਦੱਸਿਆ ਕਿ 17 ਜੂਨ ਨੂੰ ਲੱਗੀ ਅੱਗ ਤੋਂ ਤਿੰਨ ਦਿਨ ਬਾਅਦ ਘਰ ਨੂੰ 550,000 ਪੌਂਡ ਵਿਚ ਵੇਚਿਆ ਜਾਣਾ ਸੀ। ਅੱਗ ਲੱਗਣ ਤੋਂ ਬਾਅਦ ਘਰ ਇੰਨਾ ਨੁਕਸਾਨਿਆ ਗਿਆ ਸੀ ਕਿ ਹਾਲ ਹੀ ਵਿਚ ਇਸ ਨੂੰ 320,000 ਪੌਂਡ ਵਿਚ ਵੇਚਿਆ ਗਿਆ ਹੈ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਅੱਗ ਲੱਗਣ ਦੀ ਘਟਨਾ ਤੋਂ ਠੀਕ ਪਹਿਲਾ ਮੈਕਾਰੀ ਨੇ ਆਪਣੀ ਪਤਨੀ ਨੂੰ ਘਰੋਂ ਸਾਮਾਨ ਕੱਢਣ ਤੋਂ ਰੋਕ ਦਿੱਤਾ ਸੀ।

ਮੈਕਰੋਰੀ ਨੇ ਅਦਾਲਤ ਵਿਚ ਅੱਗ, ਜੀਵਨ ਨੂੰ ਖ਼ਤਰੇ ਵਿਚ ਪਾਉਣ ਅਤੇ ਲਾਪ੍ਰਵਾਹੀ ਹੋਣ ਦੀ ਗੱਲ ਮੰਨੀ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਵਰਕਸ਼ਾਪ ਵਿਚ ਪਿੱਤਲ ਦੇ ਦਰਵਾਜ਼ੇ ਦੇ ਹੈਂਡਲ ਨੂੰ ਬਲੋਰਟਾਰਚ ਨਾਲ ਸਾਫ਼ ਕਰਦੇ ਸਮੇਂ ਅਚਾਨਕ ਲੱਗ ਗਈ ਸੀ। ਅਦਾਲਤ ਦੇ ਜੱਜ ਕੀਥ ਕਲਟਰ ਨੇ ਜਾਂਚਕਰਤਾਵਾਂ ਦੀ ਦਲੀਲ ਸੁਣਨ ਦੇ ਬਾਅਦ ਮੈਕਰੋਰੀ ਦੇ ਦਾਅਵੇ ਨੂੰ ਰੱਦ ਕਰ ਦਿੱਤਾ।