India News

ਦਿੱਲੀ ‘ਚ 8 ਫਰਵਰੀ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ

ਨਵੀਂ ਦਿੱਲੀ

ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। 8 ਫਰਵਰੀ ਨੂੰ ਦਿੱਲੀ ਚ ਵੋਟਾਂ ਪੈਣਗੀਆਂ। 14 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ। 21 ਜਨਵਰੀ ਤਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ। 22 ਜਨਵਰੀ ਨੂੰ ਨਾਮਜ਼ਦਗੀਆਂ ਦੀ ਜਾਂਚ ਹੋਵੇਗੀ। 11 ਫਰਵਰੀ ਨੂੰ ਨਤੀਜੇ ਆਉਣਗੇ।
 

ਦੇਸ਼ ਦੇ 23ਵੇਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ 2689 ਥਾਵਾਂ ਤੇ ਵੋਟਿੰਗ ਕਰਵਾਈ ਜਾਵੇਗੀ। ਇਸ ਦੇ ਲਈ ਕੁਲ 13,757 ਪੋਲਿੰਗ ਬੂਥ ਬਣਾਏ ਜਾਣਗੇ। ਚੋਣ ਕਾਰਜ਼ ਨੂੰ ਨੇਪਰੇ ਚਾੜ੍ਹਨ ਲਈ 90 ਹਜ਼ਾਰ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇਗੀ। ਬਜ਼ੁਰਗ ਵੋਟਰਾਂ ਲਈ ਇਸ ਵਾਰ ਚੋਣ ਵਿਭਾਗ ਵੱਲੋਂ ਖਾਸ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਦਿੱਲੀ 1.46 ਕਰੋੜ ਵੋਟਰ ਹਨ। 
 

ਇਨ੍ਹਾਂ ਚੋਣ ਤਰੀਕਾਂ ਦਾ ਐਲਾਨ ਹੋਣ ਦੇ ਨਾਲ ਹੀ ਦਿੱਲੀ ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
 

ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 22 ਫ਼ਰਵਰੀ 2020 ’ਚ ਖ਼ਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਦਿੱਲੀ ਚ ਚੋਣਾਂ ਕਰਵਾ ਕੇ ਨਵੀਂ ਸਰਕਾਰ ਦਾ ਗਠਨ ਕੀਤਾ ਜਾਣਾ ਹੈ। ਇਸ ਵਾਰ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੰਨਿਆ ਜਾ ਰਿਹਾ ਹੈ।
 

ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ 70 ਵਿੱਚੋਂ 67 ਸੀਟਾਂ ਉੱਤੇ ਹੂੰਝਾ ਫੇਰਿਆ ਸੀ। ਤਦ ਭਾਜਪਾ ਨੂੰ ਸਿਰਫ਼ ਤਿੰਨ ਸੀਟਾਂ ਹੀ ਮਿਲੀਆਂ ਸਨ ਤੇ ਕਾਂਗਰਸ ਦਿੱਲੀ ਚ ਆਪਣਾ ਖਾਤਾ ਵੀ ਨਹੀਂ ਸੀ ਖੋਲ੍ਹ ਸਕੀ।
 

ਪਿਛਲੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਭਾਰੀ ਹਮਾਇਤ ਮਿਲੀ ਸੀ ਤੇ ਉਸ ਨੇ ਸਾਰੀਆਂ ਸੱਤ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ। ਇਸ ਚੋਣ ਚ ਭਾਜਪਾ ਨੂੰ 56.86 ਫ਼ੀ ਸਦੀ ਵੋਟਾਂ ਮਿਲੀਆਂ ਸਨ। 
 

ਆਮ ਆਦਮੀ ਪਾਰਟੀ ਨੂੰ 18.2 ਤੇ ਕਾਂਗਰਸ ਨੂੰ 22.63 ਫ਼ੀ ਸਦੀ ਵੋਟਾਂ ਪਈਆਂ ਸਨ। ਇਨ੍ਹਾਂ ਦੋਵੇਂ ਹੀ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
 

ਪਿਛਲੇ ਕੁਝ ਸਮੇਂ ਤੋਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਭਾਜਪਾ ਆਗੂਆਂ ਵਿਚਾਲੇ ਚੋਣਜੰਗ ਵੇਖਣ ਨੂੰ ਮਿਲ ਰਹੀ ਹੈ। ਕੱਲ੍ਹ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਚ ਭਾਜਪਾ ਦੇ ਬੂਥ ਸੰਮੇਲਨ ਦੌਰਾਨ ਕੇਜਰੀਵਾਲ ਸਰਕਾਰ ਉੱਤੇ ਸਿਆਸੀ ਨਿਸ਼ਾਨਾ ਵਿੰਨ੍ਹਿਆ ਸੀ।