Menu

ਦੁਬਈ ‘ਚ ਕੰਮ ਨਹੀਂ ਸੌਖੇ, ਤਿੰਨ ਸਾਲਾਂ ‘ਚ 450 ਲੋਕਾਂ ਦੀਆਂ ਦੇਸ਼ ਪਰਤੀਆਂ ਸਿਰਫ ‘ਲਾਸ਼ਾਂ’

ਦੁਬਈ/ਤੇਲੰਗਾਨਾ,(ਬਿਊਰੋ)— ਭਾਰਤ ਦੇ ਸੂਬੇ ਤੇਲੰਗਾਨਾ ਤੋਂ ਹਰ ਸਾਲ ਲਗਭਗ 10,000 ਲੋਕ ਖਾੜੀ ਦੇਸ਼ਾਂ ਦਾ ਰੁਖ ਕਰਦੇ ਹਨ। ਪਿਛਲੇ 3 ਸਾਲਾਂ ਦੀ ਇਕ ਰਿਪੋਰਟ ਮੁਤਾਬਕ ਦੁਬਈ ‘ਚੋਂ 450 ਲਾਸ਼ਾਂ ਭਾਰਤ ਪੁੱਜੀਆਂ ਹਨ। ਕਮਾਈ ਕਰਨ ਗਏ ਇਹ ਨੌਜਵਾਨ ਕਿਸੇ ਦੇ ਪੁੱਤ, ਪਤੀ, ਪਿਓ ਤੇ ਭਰਾ ਸਨ, ਜੋ ਲਾਸ਼ ਬਣ ਕੇ ਦੇਸ਼ ਪੁੱਜੇ। ਇਨ੍ਹਾਂ ਲੋਕਾਂ ਦੇ ਪਰਿਵਾਰਾਂ ‘ਤੇ ਜੋ ਬੀਤਦੀ ਹੈ, ਉਸ ਨੂੰ ਬਿਆਨ ਕਰਨਾ ਬਹੁਤ ਔਖਾ ਹੈ। ਘਰ ਦੇ ਗੁਜ਼ਾਰੇ ਤੇ ਚੰਗੀ ਜ਼ਿੰਦਗੀ ਲਈ ਹਰ ਕੋਈ ਹੱਥ-ਪੈਰ ਮਾਰਦਾ ਹੈ, ਵਿਦੇਸ਼ ਜਾ ਕੇ ਵੀ ਜ਼ਿੰਦਗੀ ਸੌਖਾਲੀ ਨਹੀਂ ਹੁੰਦੀ। ਪਤਾ ਨਹੀਂ ਕਿੰਨੀਆਂ ਕੁ ਰਾਤਾਂ ਉਹ ਬਿਨਾਂ ਰੋਟੀ ਖਾਧੇ ਹੀ ਸੌਂ ਜਾਂਦੇ ਹਨ। ਇਹ ਸਭ ਕਰਨ ਦੇ ਬਾਵਜੂਦ ਜਦ ਉਹ ਭਾਰਤ ਬੈਠੇ ਪਰਿਵਾਰ ਦਾ ਖਰਚਾ ਨਹੀਂ ਚੁੱਕ ਪਾਉਂਦੇ ਤਾਂ ਪਰੇਸ਼ਾਨੀਆਂ ਉਨ੍ਹਾਂ ਨੂੰ ਘੇਰ ਲੈਂਦੀਆਂ ਹਨ।
ਸਤੰਬਰ ਮਹੀਨੇ ਕਾਲੇਡਾ ‘ਚ ਰਹਿੰਦੀ ਔਰਤ ਲਕਸ਼ਮੀ ਮਾਲਾਯਾ ਦੇ ਪਤੀ ਦੀ ਲਾਸ਼ ਦੁਬਈ ਤੋਂ ਭਾਰਤ ਪੁੱਜੀ। ਉਸ ਦਾ ਪਤੀ ਚਿਤਮ ਦੁਬਈ ‘ਚ ਮਜ਼ਦੂਰ ਸੀ। ਉਸ ਦੀ ਮੌਤ ਦੌਰਾ ਪੈਣ ਕਾਰਨ ਹੋਈ ਪਰ ਪਰਿਵਾਰ ਨੇ ਦੱਸਿਆ ਕਿ ਜਦ ਮੌਤ ਤੋਂ ਇਕ ਮਹੀਨਾ ਪਹਿਲਾਂ ਉਹ ਘਰ ਆਇਆ ਸੀ ਤਦ ਉਸ ਦੀ ਸਿਹਤ ਬਿਲਕੁਲ ਠੀਕ ਸੀ।
ਇਸ ਤੋਂ ਇਕ ਮਹੀਨਾ ਪਹਿਲਾਂ ਇਕ ਹੋਰ 24 ਸਾਲਾ ਨੌਜਵਾਨ ਦੀ ਲਾਸ਼ ਦੁਬਈ ਤੋਂ ਭਾਰਤ ਭੇਜੀ ਗਈ ਹੈ। ਦੱਸਿਆ ਗਿਆ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਤੇਲੰਗਾਨਾ ਦੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਰਾਬ ਸਿਹਤ, ਪਰੇਸ਼ਾਨੀਆਂ ਅਤੇ ਸਮੁੰਦਰ ਦੇ ਤਾਪਮਾਨ ‘ਚ ਕੰਮ ਕਰਨਾ ਵੀ ਵਧੀਆਂ ਮੌਤਾਂ ਦਾ ਵੱਡਾ ਕਾਰਨ ਹੈ।
ਚਿਤਮ ਦੁਬਈ ‘ਚ ਪਿਛਲੇ 13 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ ਅਤੇ ਉਸ ਨੂੰ (185 ਡਾਲਰ) ਭਾਵ ਭਾਰਤੀ 12,000 ਰੁਪਏ ਤਨਖਾਹ ਮਿਲਦੀ ਸੀ, ਜਿਸ ‘ਚੋਂ ਉਹ ਚਾਰ ਤੋਂ ਪੰਜ ਹਜ਼ਾਰ ਤਕ ਆਪਣੇ ਪਰਿਵਾਰ ਨੂੰ ਭੇਜਦਾ ਸੀ।
ਰਮਨ ਚਿਤਲਾ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਪਿਛਲੇ 16 ਸਾਲਾਂ ਤੋਂ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੇ ਦੇਖਿਆ ਹੈ ਕਿ ਬਹੁਤ ਸਾਰੇ ਏਜੰਟਾਂ ਨੂੰ ਧੋਖੇ ਨਾਲ ਉੱਥੇ ਫਸਾ ਦਿੰਦੇ ਹਨ। ਕਈਆਂ ਨੂੰ ਆਪਣੀ ਤਨਖਾਹ ਨਹੀਂ ਦਿੱਤੀ ਜਾਂਦੀ। ਬਹੁਤ ਸਾਰੇ ਲੋਕਾਂ ਨੂੰ 50,000 ਤੋਂ 100,000 ਤਕ ਦਾ ਕਰਜ਼ਾ ਲੈਣਾ ਪੈਂਦਾ ਹੈ ਅਤੇ ਉਹ ਇਸੇ ਉਮੀਦ ‘ਚ ਲੱਕ ਤੋੜਵੀਂ ਮਿਹਨਤ ਕਰਦੇ ਹਨ ਕਿ ਉਹ ਇਸ ਕਰਜ਼ੇ ਨੂੰ ਕੁੱਝ ਮਹੀਨਿਆਂ ‘ਚ ਮੋੜ ਦੇਣਗੇ। ਅਜਿਹਾ ਨਾ ਹੋਣ ਦੀ ਸੂਰਤ ‘ਚ ਉਹ ਪਰੇਸ਼ਾਨੀਆਂ ‘ਚ ਘਿਰ ਜਾਂਦੇ ਹਨ।