India News

ਦੇਸ਼ ‘ਚ ਆਇਆ ਕੋਰੋਨਾ ਵਾਇਰਸ ਦਾ ਨਵਾਂ ‘ਡੈਲਟਾ ਪਲੱਸ’ ਵੇਰੀਐਂਟ

ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਠੱਡੀ ਪੈ ਰਹੀ ਹੈ। ਦੇਸ਼ ਵਿੱਚ ਹਰ ਰੋਜ਼ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆ ਰਹੀ ਹੈ। ਇਸ ਦੌਰਾਨ ਕੇਂਦਰ ਸਰਕਾਰ ਵਲੋਂ ਕੋਰੋਨਾ ਦੇ ਇੱਕ ਨਵੇਂ ਵੇਰੀਐਂਟ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੇਂਦਰ ਨੇ ਰਸਮੀ ਤੌਰ ‘ਤੇ ਸਵੀਕਾਰ ਕੀਤਾ ਹੈ ਕਿ ਦੇਸ਼ ਵਿੱਚ ਕੋਰੋਨਾ ਦਾ ਇੱਕ ਨਵਾਂ ਵੇਰੀਐਂਟ ਸਾਹਮਣੇ ਆਇਆ ਹੈ ਜੋ ਪਿਛਲੇ ਡੈਲਟਾ ਵੇਰੀਐਂਟ ਦੇ ਕਾਫ਼ੀ ਕਰੀਬ ਹੈ। ਇਸਨੂੰ AY.1 ਜਾਂ ‘ਡੈਲਟਾ ਪਲੱਸ’ ਵੇਰੀਐਂਟ ਨਾਮ ਦਿੱਤਾ ਗਿਆ ਹੈ।

 

 

ਡੈਲਟਾ ਵੇਰੀਐਂਟ ਪਹਿਲੀ ਵਾਰ ਭਾਰਤ ਵਿੱਚ ਹੀ ਪਾਇਆ ਗਿਆ ਸੀ। ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵਾਇਰਸ ਦੀ ਚਪੇਟ ਵਿੱਚ ਆਏ ਜ਼ਿਆਦਾਤਰ ਲੋਕ ਇਸ ਵੇਰੀਐਂਟ ਦੇ ਸ਼ਿਕਾਰ ਹੋਏ ਸਨ। ਹੁਣ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਡੈਲਟਾ ਵੇਰੀਐਂਟ ਹੀ ਵਿਕਸਿਤ ਹੋ ਕੇ ਡੈਲਟਾ ਪਲੱਸ ਬਣ ਗਿਆ ਹੈ ਪਰ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਹੁਣ ਤੱਕ ਇਹ ਡੈਲਟਾ ਪਲੱਸ ਚਿੰਤਾਜਨਕ ਵੇਰੀਐਂਟ ਨਹੀਂ ਬਣਿਆ ਹੈ। ਹਾਲਾਂਕਿ, ਕੇਂਦਰ ਸਰਕਾਰ ਦੀ ਇਸ ‘ਤੇ ਲਗਾਤਾਰ ਨਜ਼ਰ ਬਣੀ ਹੋਈ ਹੈ। ਭਾਰਤ ਵਿੱਚ ਇਸ ਦੇ ਇਨਫੈਕਸ਼ਨ ਨੂੰ ਲੈ ਕੇ ਵੀ ਅਧਿਐਨ ਕੀਤਾ ਜਾ ਰਿਹਾ ਹੈ। 

 

ਕਿਵੇਂ ਬਣਿਆ ਡੈਲਟਾ ਪਲੱਸ ਵੇਰੀਐਂਟ?
ਡੈਲਟਾ ਪਲੱਸ ਵੇਰੀਐਂਟ, ਡੈਲਟਾ ਵੇਰੀਐਂਟ ਯਾਨੀ ਕਿ ਬੀ.1.617.2 ਸਟਰੇਨ ਦੇ ਮਿਊਟੇਸ਼ਨ ਨਾਲ ਬਣਿਆ ਹੈ। ਮਿਊਟੇਸ਼ਨ ਦਾ ਨਾਮ K417N ਹੈ ਅਤੇ ਕੋਰੋਨਾ ਵਾਇਰਸ ਦੇ ਸਪਾਈਕ ਪ੍ਰੋਟੀਨ ਵਿੱਚ ਯਾਨੀ ਪੁਰਾਣੇ ਵਾਲੇ ਵੇਰੀਐਂਟ ਵਿੱਚ ਥੋੜ੍ਹੇ ਬਦਲਾਅ ਹੋ ਗਏ ਹਨ। ਇਸ ਕਾਰਨ ਨਵਾਂ ਵੇਰੀਐਂਟ ਸਾਹਮਣੇ ਆ ਗਿਆ। ਸਪਾਈਕ ਪ੍ਰੋਟੀਨ, ਵਾਇਰਸ ਦਾ ਉਹ ਹਿੱਸਾ ਹੁੰਦਾ ਹੈ ਜਿਸ ਦੀ ਮਦਦ ਨਾਲ ਵਾਇਰਸ ਸਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ ਅਤੇ ਸਾਨੂੰ ਪੀੜਤ ਕਰਦਾ ਹੈ। K417N ਮਿਊਟੇਸ਼ਨ ਦੇ ਕਾਰਨ ਹੀ ਕੋਰੋਨਾ ਵਾਇਰਸ ਸਾਡੇ ਇੰਮਿਊਨ ਸਿਸਟਮ ਨੂੰ ਚਕਮਾ ਦੇਣ ਵਿੱਚ ਕਾਮਯਾਬ ਹੁੰਦਾ ਹੈ। ਨੀਤੀ ਕਮਿਸ਼ਨ ਨੇ 14 ਜੂਨ ਨੂੰ ਕਿਹਾ ਸੀ ਕਿ ‘ਡੈਲਟਾ ਪਲੱਸ’ ਵੇਰੀਐਂਟ ਇਸ ਸਾਲ ਮਾਰਚ ਤੋਂ ਹੀ ਸਾਡੇ ਵਿੱਚ ਮੌਜੂਦ ਹੈ। ਹਾਲਾਂਕਿ, ਅਜਿਹਾ ਕਹਿੰਦੇ ਹੋਏ ਨੀਤੀ ਕਮਿਸ਼ਨ ਨੇ ਦੱਸਿਆ ਕਿ ਇਹ ਅਜੇ ਚਿੰਤਾ ਦਾ ਕਾਰਨ ਨਹੀਂ ਹੈ।

 

ਅਮਰੀਕਾ ਵਿੱਚ ਡੈਲਟਾ ਪਲੱਸ ਦੇ 6% ਮਾਮਲੇ
ਇੰਗਲੈਂਡ ਦੀ ਸਿਹਤ ਏਜੰਸੀ ਪਬਲਿਕ ਹੈਲਥ ਇੰਗਲੈਂਡ ਮੁਤਾਬਕ K417N ਮਿਊਟੇਸ਼ਨ ਦੇ ਨਾਲ ਹੁਣ ਤੱਕ 63 ਤਰ੍ਹਾਂ ਦੇ ਵੱਖ-ਵੱਖ ਵੇਰੀਐਂਟ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 6 ਭਾਰਤੀ ਵੇਰੀਐਂਟ ਹਨ। ਪੂਰੇ ਯੂਨਾਈਟਡ ਕਿੰਗਡਮ (UK) ਵਿੱਚ ‘ਡੈਲਟਾ ਪਲੱਸ’ ਵੇਰੀਐਂਟ ਦੇ ਕੁਲ 36 ਮਾਮਲੇ ਹਨ ਅਤੇ ਉਥੇ ਹੀ ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ 6 ਫ਼ੀਸਦੀ ਮਾਮਲੇ ਡੈਲਟਾ ਪਲੱਸ ਵੇਰੀਐਂਟ ਦੇ ਹਨ।