ਨਰਿੰਦਰ ਮੋਦੀ ਇਸ ਫਿਲਮ ਨੂੰ ਦੇਣਗੇ ਆਪਣੀ ਆਵਾਜ਼, ਜਿਸ ‘ਚ ਅਮਿਤਾਭ ਵਰਗੀਆਂ ਨਾਮੀ ਹਸਤੀਆਂ ਆਉਣਗੀਆਂ ਨਜ਼ਰ

ਨਵੀਂ ਦਿੱਲੀ(ਬਿਊਰੋ)— ਪੂਰੇ ਦੇਸ਼ ਨੂੰ ਆਪਣੀ ਲੀਡਰਸ਼ਿਪ ਤੇ ਵਿਚਾਰਾਂ ਨਾਲ ਪ੍ਰਭਾਵਿਤ ਕਰਨ ਵਾਲੇ ਨਰਿੰਦਰ ਮੋਦੀ ਨੇ ਸੱਤਾ ਦੀ ਦੁਨੀਆ ‘ਚ ਬੇਹਿਸਾਬ ਸਫਲਤਾ ਹਾਸਲ ਕੀਤੀ ਹੈ ਪਰ ਹੁਣ ਰਾਜਨੀਤੀ ਦੇ ਗਲਿਆਰਿਆਂ ‘ਚ ਸਾਰਿਆਂ ਦਾ ਦਿਲ ਜਿੱਤਣ ਤੋਂ ਬਾਅਦ ਉਹ ਬਾਲੀਵੁੱਡ ‘ਚ ਕਦਮ ਰੱਖਣ ਜਾ ਰਹੇ ਹਨ। ਨਹੀਂ! ਉਹ ਅਦਾਕਾਰੀ ਤਾਂ ਨਹੀਂ ਕਰਨਗੇ ਪਰ ਜਲਦ ਹੀ ‘ਬੇਟੀ ਬਚਾਓ, ਬੇਟੀ ਪੜਾਓ’ ਅਭਿਆਨ ‘ਤੇ ਬਣ ਰਹੀ ਫਿਲਮ ਨੂੰ ਆਪਣੀ ਆਵਾਜ਼ ਦੇਣਗੇ। ਅਕਸਰ ਰੇਡੀਓ ਚੈਨਲ ‘ਤੇ ਆਪਣੇ ਸ਼ੋਅ ‘ਮਨ ਕੀ ਬਾਤ’ ਨਾਲ ਜਨਤਾ ਦੇ ਰੂ-ਬ-ਰੂ ਹੋਣ ਵਾਲੇ ਮੋਦੀ ਖੁਦ ਇਸ ਫਿਲਮ ਨੂੰ ਆਵਾਜ਼ ਦੇਣਗੇ।
ਦੱਸਿਆ ਜਾ ਰਿਹਾ ਹੈ ਕਿ ਸਮਾਜ ‘ਚ ਨਾਰੀ ਸਿੱਖਿਆ ਦਾ ਸੰਦੇਸ਼ ਦੇਣ ਲਈ ਬਣਾਈ ਜਾ ਰਹੀ ਇਸ ਫਿਲਮ ਲਈ ਮਹਾਰਾਸ਼ਟਰ ਦਾ ਮੰਤਰੀ ਦੇਵਿੰਦਰ ਫਡਨਵੀਸ ਦੀ ਪਤਨੀ ਅੰਮ੍ਰਿਤਾ ਫਡਨਵੀਸ ਮਿਊਜ਼ਿਕ ਕੰਪੋਜ਼ ਕਰੇਗੀ। ਨਾਲ ਹੀ ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਸ਼ੇਂਡਗੇ ਕਰਨਗੇ। ਫਿਲਮ ਦੇ ਕਾਸਟ ਦੀ ਗੱਲ ਕਰੀਏ ਤਾਂ ਇਸ ‘ਚ ਸੁਨੀਲ ਸ਼ੈੱਟੀ, ਸ਼੍ਰੀ ਰਵਿਸ਼ੰਕਰ, ਕਿਰਣ ਬੇਦੀ ਕੇ ਅਮਿਤਾਭ ਬੱਚਨ ਵਰਗੀਆਂ ਨਾਮੀ ਹਸਤੀਆਂ ਸੈਲੀਬ੍ਰਿਟੀ ਗੈਸਟ ਦੇ ਰੂਪ ‘ਚ ਨਜ਼ਰ ਆਉਣਗੀਆਂ। ਫਿਲਮ ‘ਚ ‘ਬਾਹੂਬਲੀ’ ਦੀ ਅਦਾਕਾਰਾ ਤਮੰਨਾ ਭਾਟੀਆ ਤੇ ਇਸ ਦੇ ਨਾਲ ਅਸਕਰ ਨਾਮੀਨੇਟਿਡ ਫਿਲਮ ‘ਲਾਇਨ’ ‘ਚ ਬਾਲ ਕਲਾਕਾਰ ਦੇ ਰੂਪ ‘ਚ ਨਜ਼ਰ ਆਏ ਸੰਨੀ ਪਵਾਰ ਵੀ ਕੰਮ ਕਰਨਗੇ। ਇਹ ਫਿਲਮ ਅਗਲੇ ਸਾਲ ਜਨਵਰੀ ‘ਚ ਹੋਣ ਵਾਲੇ ਜਰਮਨ ਐਂਡ ਫ੍ਰੇਂਚ ਫਿਲਮ ਫੈਸਟੀਵਲ ‘ਚ ਦਿਖਾਈ ਜਾਵੇਗੀ। ਇਸ ਫਿਲਮ ਨੂੰ ਕਰੀਬ 14 ਭਾਸ਼ਾਵਾਂ ‘ਚ ਡਬ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਹ ਕਈ ਦੇਸ਼ਾਂ ਦੇ ਸਕੂਲਾਂ ‘ਚ ਦਿਖਾਈ ਜਾਵੇਗੀ।